ਪੱਤਰ ਪ੍ਰੇਰਕ
ਪਟਿਆਲਾ, 5 ਮਈ
ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿੱਚ ਅੱਜ ਕੈਨੇਡਾ ਵਸਦੀ ਕਹਾਣੀਕਾਰਾ ਗੁਰਮੀਤ ਪਨਾਗ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਆਲੋਚਕ ਡਾ. ਧਨਵੰਤ ਕੌਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਅਰਵਿੰਦਰ ਕੌਰ ਕਾਕੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਕਹਾਣੀਕਾਰਾ ਗੁਰਮੀਤ ਪਨਾਗ ਨੇ ਸਪੱਸ਼ਟ ਸ਼ਬਦਾਂ ‘ਚ ਆਪਣੇ ਸਾਹਿਤਕ ਸਫ਼ਰ ਤੇ ਨਿੱਜੀ ਜੀਵਨ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਦਾ ਅਧਾਰ ਪ੍ਰਵਾਸ, ਪਰਿਵਾਰ ਦੇ ਸੰਸਕਾਰਾਂ ਅਤੇ ਅਜ਼ਾਦ ਹਿੰਦ ਫ਼ੌਜ ਨਾਲ ਜੁੜੇ ਹੋਣਾ ਬਣਿਆ। ਡਾ. ਧਨਵੰਤ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਗੁਰਮੀਤ ਪਨਾਗ ਦੀਆਂ ਕਹਾਣੀਆਂ ਨੇ ਪੰਜਾਬੀ ਕਹਾਣੀ ਦਾ ਦਾਇਰਾ ਵਿਸ਼ਾਲ ਕੀਤਾ ਹੈ। ਪੁਆਧੀ ਖੇਤਰ ਵਿੱਚੋਂ ਡਕਾਲਾ ਦੇ ਆਮ ਪਰਿਵਾਰ ਵਿੱਚੋਂ ਉੱਠੀ ਪ੍ਰੋ. ਸੋਹਜਦੀਪ ਨੇ ਸ੍ਰੀਮਤੀ ਪਨਾਗ ਦੀ ਸਾਹਿਤਕ ਦੇਣ ਬਾਰੇ ਆਪਣੇ ਪਰਚੇ ਰਾਹੀਂ ਉਨ੍ਹਾਂ ਦੀ ਇੱਕ-ਇੱਕ ਕਹਾਣੀ ਦੀ ਬਾਖ਼ੂਬੀ ਪੜਚੋਲ ਕੀਤੀ। ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ ਨੇ ਕੀਤਾ। ਅਖੀਰ ‘ਚ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਸਭ ਦਾ ਧੰਨਵਾਦ ਕੀਤਾ।