ਪੱਤਰ ਪ੍ਰੇਰਕ
ਪਟਿਆਲਾ, 2 ਜਨਵਰੀ
ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਪੰਜਾਬੀ ਦੇ ਪ੍ਰੋਫ਼ੈਸਰ ਨਰਿੰਦਰ ਸਿੰਘ ਕਪੂਰ ਨਾਲ ਰੂ-ਬ-ਰੂ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਕੁਲਵੰਤ ਸਿੰਘ, ਭਾਸ਼ਾ ਵਿਭਾਗ ਦੇ ਦੋ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ ਅਤੇ ਪ੍ਰਵੀਨ ਕੁਮਾਰ, ਕਹਾਣੀਕਾਰ ਬਾਬੂ ਸਿੰਘ ਰੈਹਲ ਤੋਂ ਇਲਾਵਾ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਲ 2021 ਲਈ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਵੀਰਦਵਿੰਦਰ ਸਿੰਘ ਸ਼ਾਮਲ ਸਨ। ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਆਪਣੇ ਰੂ-ਬ-ਰੂ ਦੌਰਾਨ ਆਪਣੇ ਜੀਵਨ ਅਤੇ ਸਿਰਜਾਣਾਤਮਕ ਸਫ਼ਰ ਦਾ ਦਾਸਤਾਂ ਸਾਂਝੀ ਕਰਨ ਦੇ ਨਾਲ ਨਾਲ ਲੇਖਕ ਦੇ ਸਮਾਜ ਪ੍ਰਤੀ ਫ਼ਰਜ਼ਾਂ ਪ੍ਰਤੀ ਸਾਵਧਾਨ ਕਰਦਿਆਂ ਸੁਨੇਹਾ ਦਿੱਤਾ ਕਿ ਉਹ ਭਾਸ਼ਾ ਹੀ ਮਹੱਤਵਪੂਰਨ ਹੁੰਦੀ ਹੈ, ਜਿਹੜੀ ਆਪਣੀ ਕੌਮ ਜਾਂ ਸਮਾਜ ਦੇ ਲੋਕਾਂ ਦੇ ਰੁਜ਼ਗਾਰ ਦੇ ਮਸਲਿਆਂ ਨੂੰ ਹੱਲ ਕਰੇ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਦੀ ਆਪਣੀ ਵਡਿਆਈ ਹੈ ਅਤੇ ਇਹ ਸਾਡੀ ਸਭਨਾਂ ਦੇ ਜਜ਼ਬਿਆਂ ਦੀ ਆਵਾਜ਼ ਬਣ ਕੇ ਦੁਨੀਆ ਵਿਚ ਫੈਲੀ ਹੋਈ ਹੈ।