ਪੱਤਰ ਪ੍ਰੇਰਕ
ਪਟਿਆਲਾ, 23 ਨਵੰਬਰ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ, ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਅਤੇ ਰਾਸ਼ਟਰੀ ਕਾਵਿ ਸਾਗਰ ਦੇ ਸਾਂਝੇ ਯਤਨਾਂ ਤਹਿਤ, ਭਾਸ਼ਾ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਦੋ ਪਰਵਾਸੀ ਸਾਹਿਤਕ ਸ਼ਖ਼ਸੀਅਤਾਂ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ।
‘ਪੰਜਾਬੀ ਮਾਹ’ ਦੌਰਾਨ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਅਤੇ ਸਤਿਕਾਰ ਲਈ ਕਰਵਾਏ ਸਮਾਗਮ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਅਜੈਬ ਸਿੰਘ ਚੱਠਾ ਅਤੇ ਸ਼ਾਇਰਾ ਮੀਤਾ ਖੰਨਾ (ਕੈਨੇਡਾ) ਨੇ ਸ਼ਮੂਲੀਅਤ ਕੀਤੀ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਦੋਵਾਂ ਸ਼ਖ਼ਸੀਅਤਾਂ ਦੇ ਸਾਹਿਤਕ ਕਾਰਜ ਬਾਰੇ ਜਾਣ-ਪਛਾਣ ਕਰਵਾਈ। ਆਪਣੇ ਰੂਬਰੂ ਸੰਵਾਦ ਵਿੱਚ ਡਾ. ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਤਿਆਰ ਕੀਤੇ ਕਾਇਦਾ-ਏ-ਨੂਰ ਰਾਹੀਂ ਗੁਰਮੁਖੀ ਤੇ ਸ਼ਾਹਮੁਖੀ ਬੋਲੀ ਨੂੰ ਸੌਖੇ ਤਰੀਕੇ ਰਾਹੀਂ ਸਿੱਖ ਕੇ ਅੰਤਰਰਾਸ਼ਟਰੀ ਭਾਸ਼ਾਵਾਂ ਦੇ ਸਮਾਨੰਤਰ ਸਾਡੀ ਮਾਂ ਬੋਲੀ ਦੀ ਪਛਾਣ ਨੂੰ ਹੋਰ ਗੂੜ੍ਹਾ ਕੀਤਾ ਜਾ ਸਕਦਾ ਹੈ। ਇਸ ਮੌਕੇ ਮੰਚ ਦੀ ਸਕੱਤਰ ਵਿਜੇਤਾ ਭਾਰਦਵਾਜ ਦੀ ਕਾਵਿ ਪੁਸਤਕ ‘ਕਾਸ਼ ਮੇਰੇ ਵੀ ਖੰਭ ਹੁੰਦੇ’ ਲੋਕ ਅਰਪਣ ਕੀਤੀ ਗਈ। ਤਿੰਨਾਂ ਸੰਸਥਾਵਾਂ ਦੇ ਪ੍ਰਧਾਨ ਡਾ. ਜੀ.ਐੱਸ. ਅਨੰਦ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਅਤੇ ਆਸ਼ਾ ਸ਼ਰਮਾ ਨੇ ਭਾਸ਼ਾ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।