ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਪਰੈਲ
ਪੰਜਾਬ ਸਰਕਾਰ ’ਤੇ ‘ਦਿੱਲੀ ਕੱਟੜਾ ਐਕਸਪ੍ਰੈਸ ਵੇਅ’ ਲਈ ਘੱਟ ਰੇਟ ’ਤੇ ਜਬਰੀ ਜ਼ਮੀਨਾਂ ਐਕਵਾਇਰ ਕਰਨ ਦੇ ਦੋਸ਼ ਲਾਉਂਦਿਆਂ, ਪ੍ਰਭਾਵਿਤ ਕਿਸਾਨਾਂ ਵੱਲੋਂ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਬਾਗ ਪੈਲੇਸ ਨੇੜੇ ਵਾਈਪੀਐਸ ਚੌਕ ’ਚ ਲਾਇਆ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਸ ਦਿਨ ਪਹਿਲਾਂ ਲੋਕ ਨਿਰਮਾਣ ਮੰਤਰੀ ਨਾਲ਼ ਮੀਟਿੰਗ ਭਾਵੇਂ ਕਿ ਹਾਂ ਪੱਖੀ ਰਹੀ, ਪਰ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਅਮਲੀ ਰੂਪ ’ਚ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਹ ਇਥੇ ਹੀ ਡਟੇ ਰਹਿਣਗੇ। ਕਿਸਾਨਾਂ ਦਾ ਤਰਕ ਹੈ ਕਿ ਦਿੱਲੀ ’ਚ ਜਾਰੀ ਕਿਸਾਨ ਮੋਰਚੇ ਦੀ ਸੰਪੂਰਨਤਾ ਤੱਕ ਜ਼ਮੀਨਾਂ ਐਕੁਵਾਇਰ ਕਰਨ ਦੀ ਕਾਰਵਾਈ ਮੁਲਤਵੀ ਕੀਤੀ ਜਾਵੇ। ‘ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਾਰੀ ਇਸ ਧਰਨੇ ਦੇ ਪਹਿਲੇ ਦੋ ਦਿਨ ਤਾਂ ਕਿਸਾਨਾਂ ਨੇ ਸੜਕ ’ਤੇ ਹੀ ਤੰਬੂ ਗੱਡ ਕੇ ਧਰਨਾ ਦਿੱਤਾ ਜਿਸ ਕਾਰਨ ਇਸ ਚੌਕ ’ਚ ਆਵਾਜਾਈ ਵੀ ਠੱਪ ਰਹੀ। ਪਰ ਮਗਰੋਂ ਕਿਸਾਨਾਂ ਨੇ ਖੁਦ ਹੀ ਤੰਬੂ ਪੁੱਟ ਦਿੱਤਾ ਤੇ ਉਸੇ ਦਿਨ ਤੋਂ ਕਿਸਾਨਾਂ ਦਾ ਇਹ ਧਰਨਾ ਇਸੇ ਚੌਕ ਕੋਲ਼ ਸੜਕ ਦੇ ਇੱਕ ਪਾਸੇ ਚੱਲ ਰਿਹਾ ਹੈ ਜਿਸ ਤਹਿਤ ਸੜਕੀ ਆਵਾਜਾਈ ਵੀ ਚਾਲੂ ਹੋ ਗਈ ਹੈ। ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਸੜਕ ਦੇ ਇੱਕ ਪਾਸੇ ਲਾਏ ਹੋਏ ਹਨ। ਇਸ ਧਰਨੇ ’ਚ ਸੂਬਾਈ ਕੋਅਰਡੀਨੇਟਰ ਹਰਮਨਪ੍ਰੀਤ ਸਿੰਘ, ਪਟਿਆਲਾ ਜਿਲ੍ਹੇ ਦੇ ਪ੍ਰਧਾਨ ਜਗਜੀਤ ਸਿੰਘ ਗਲੋਲੀ ਆਦਿ ਪ੍ਰਮੁੱਖ ਆਗੂ ਵੀ ਸ਼ਿਰਕਤ ਕਰ ਰਹੇ ਹਨ।