ਪੱਤਰ ਪ੍ਰੇਰਕ
ਪਾਤੜਾਂ, 18 ਅਕਤੂਬਰ
ਇਥੇ ਪੁਲੀਸ ਨੇ ਘਰ ’ਚ ਛਾਪਾ ਮਾਰ ਕੇ ਜਿਸਮ ਫਰੋਸ਼ੀ ਦਾ ਅੱਡਾ ਚਲਾਉਣ ਵਾਲਿਆਂ ਵਿਚੋਂ ਇੱਕ ਵਿਅਕਤੀ ਸਮੇਤ ਦੋ ਔਰਤਾਂ ਨੂੰ ਕਾਬੂ ਕੀਤਾ ਹੈ ਜਦੋਂਕਿ ਇੱਕ ਔਰਤ ਫਰਾਰ ਹੋਣ ਵਿਚ ਸਫਲ ਹੋ ਗਈ। ਅੱਜ ਪੁਲੀਸ ਨੇ 2 ਔਰਤਾਂ ਤੇ 5 ਵਿਅਕਤੀਆਂ ਦਾ ਮੈਡੀਕਲ ਕਰਵਾਉਣ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾ ਨੂੰ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ। ਡੀਐੱਸਪੀ ਪਾਤੜਾਂ ਬੂਟਾ ਸਿੰਘ ਨੇ ਦੱਸਿਆ ਹੈ ਕਿ ਪਾਤੜਾਂ ਥਾਣੇ ਦੇ ਮੁਖੀ ਰਣਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਚੁਨਾਗਰਾ ਰੋਡ ਉੱਤੇ ਕੁਝ ਘਰਾਂ ਵਿੱਚ ਜਿਸਮਫਰੋਸ਼ੀ ਦਾ ਅੱਡਾ ਹੈ ਜਿਸ ’ਤੇ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਬੀਰਬਲ ਸ਼ਰਮਾ ਨੇ ਸਮੇਤ ਪੁਲੀਸ ਪਾਰਟੀ ਛਾਪਾ ਮਾਰਿਆ। ਇਸ ਦੌਰਾਨ ਜੁੰਮਾ ਸਿੰਘ, ਉਸ ਦੀ ਪਤਨੀ ਦੀਪ ਕੌਰ ਗੁਆਂਢਣ ਨਵਦੀਪ ਕੌਰ ਉਰਫ ਨਵੂ ਅਤੇ ਅਮਨਦੀਪ ਕੌਰ ਆਪਣੇ ਘਰਾਂ ਵਿੱਚ ਬਾਹਰੋਂ ਲੜਕੀਆਂ ਨੂੰ ਮੰਗਵਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੀਆਂ ਪਾਈਆਂ ਗਈਆਂ। ਮੌਕੇ ਉੱਤੇ ਪੁਲੀਸ ਨੇ ਚਾਰ ਵਿਅਕਤੀ ਅਤੇ ਛੇ ਲੜਕੀਆਂ ਨੂੰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਦੀਪ ਕੌਰ, ਜੂੰਮਾ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ ਜਦੋਂ ਕਿ ਪੁਲੀਸ ਨੇ ਨਵਦੀਪ ਕੌਰ ਉਰਫ ਨਵੂ ਅਤੇ ਅਮਨਦੀਪ ਕੌਰ ਸਮੇਤ ਸ਼ੈਂਟੀ ਸਿੰਘ ਵਾਸੀ ਢੰਡਿਆਲ, ਹਰਵਿੰਦਰ ਸਿੰਘ ਵਾਸੀ ਤਲਵਾੜਾ (ਹਰਿਆਣਾ), ਅੰਗਰੇਜ਼ ਸਿੰਘ ਤੇ ਸੁਰਿੰਦਰ ਸਿੰਘ ਵਾਸੀ ਹਰਿਆਊ ਖੁਰਦ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।