ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਨਵੰਬਰ
ਡਿਪਟੀ ਕਮਿਸ਼ਨਰ ਮੈਡਮ ਮਾਧੁਰੀ ਕਟਾਰੀਆ ਨੇ ਆਸ ਜਤਾਈ ਹੈ ਕਿ ਭਾਵੇਂ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਅਜੇ ਤੱਕ ਸਿਰਫ਼ 52 ਫ਼ੀਸਦ ਲੋਕਾਂ ਨੇ ਹੀ ਕੋਵਿਡ-19 ਮਹਾਂਮਾਰੀ ਵਿਰੁੱਧ ਟੀਕੇ ਲਗਵਾਏ ਹਨ ਅਤੇ ਇਹ ਅੰਕੜਾ ਪੰਜਾਬ ਭਰ ਵਿੱਚ ਸਭ ਤੋਂ ਘੱਟ ਹੈ, ਪਰ ਉਨ੍ਹਾਂ ਨੂੰ ਆਸ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਸਬੰਧੀ ਚਲਾਈ ਜਾ ਰਹੀ ‘ਹਰ ਘਰ ਦਸਤਕ’ ਮੁਹਿੰਮ ਦੇ ਸਿੱਟੇ ਵਜੋਂ ਛੇਤੀ ਹੀ ਇਨ੍ਹਾਂ ਅੰਕੜਿਆਂ ਵਿੱਚ ਇਨਕਲਾਬੀ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ ਅਤੇ ਰਾਜ ਦੇ ਬਾਕੀ ਜ਼ਿਲ੍ਹਿਆਂ ਵਾਂਗ ਇੱਥੇ ਵੀ ਟੀਕਾਕਰਨ ਦੀ ਮੁਹਿੰਮ ਹਰ ਘਰ ਤੱਕ ਪੁੱਜਣ ਵਿੱਚ ਕਾਮਯਾਬ ਹੋਵੇਗੀ। ਉਹ ਜਮਾਤ ਇਸਲਾਮੀ ਹਿੰਦ ਦੇ ਸਥਾਨਕ ਦਫ਼ਤਰ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਦਾ ਮੁਆਇਨਾ ਕਰਨ ਲਈ ਪੁੱਜੇ ਸਨ। ਜਮਾਤ ਦੇ ਦਫ਼ਤਰ ਪੁੱਜਣ ‘ਤੇ ਉਨ੍ਹਾਂ ਦਾ ਜਮਾਅਤ ਦੇ ਸੂਬਾਈ ਅਤੇ ਸਥਾਨਕ ਪ੍ਰਧਾਨਾਂ ਜਨਾਬ ਅਬਦੁਸ ਸ਼ਕੂਰ ਅਤੇ ਡਾ. ਮੁਹੰਮਦ ਇਰਸ਼ਾਦ ਦੀ ਅਗਵਾਈ ਹੇਠ ਟੀਮ ਨੇ ਸਵਾਗਤ ਕਰਦਿਆਂ ਧਾਰਮਿਕ ਪੁਸਤਕਾਂ ਦਾ ਇੱਕ ਸੈੱਟ ਭੇਟ ਕੀਤਾ।