ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਗਸਤ
ਇੱਥੋਂ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਸਾਇੰਸ ਅਤੇ ਗਣਿਤ ਵਿਸ਼ੇ ਨਾਲ ਸਬੰਧਤ ਪ੍ਰਦਰਸ਼ਨੀ ਲਾਈ ਗਈ। ਇਸ ਵਿੱਚ ਪਟਿਆਲਾ ਦੇ ਸ੍ਰੀ ਅਰਵਿੰਦੋ ਇੰਟਰਨੈਸ਼ਨਲ ਸਕੂਲ, ਬਲੌਸਮ ਸੀਨੀਅਰ ਸੈਕੰਡਰੀ ਸਕੂਲ, ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਅਕਾਲ ਅਕੈਡਮੀ ਸਿਓਨਾ ਨੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਸਾਇੰਸ ਅਤੇ ਗਣਿਤ ਵਿਸ਼ੇ ਨਾਲ ਸਬੰਧਤ ਮਾਡਲ ਤਿਆਰ ਕੀਤੇ। ਸਕੂਲ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ, ਡਾਇਰੈਕਟਰ ਜਸਵਿੰਦਰ ਕੌਰ ਦਰਦੀ ਤੇ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਧੂਰੀ (ਖੇਤਰੀ ਪ੍ਰਤੀਨਿਧ): ਸਾਬਕਾ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬਾਲੀਆਂ ਵਿੱਚ ਗਣਿਤ ਮੇਲੇ ਦੇ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਗਣਿਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਤੇ ਮੇਲੇ ਦੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗਣਿਤ ਤੋਂ ਇਲਾਵਾ ਹੋਰ ਵਿਸ਼ਿਆਂ ਨੂੰ ਵੀ ਧਿਆਨ ਨਾਲ ਪੜ੍ਹ ਕੇ ਚੰਗੇ ਨੰਬਰ ਲੈਣੇ ਚਾਹੀਦੇ ਹਨ। ਇਸ ਮੌਕੇ ਪ੍ਰਿੰਸੀਪਲ ਹਰਦੇਵ ਕੁਮਾਰ ਨੇ ਕਿਰਪਾਲ ਸਿੰਘ ਦਾ ਸਨਮਾਨ ਵੀ ਕੀਤਾ।
ਗਣਿਤ ਸਬੰਧੀ 57 ਮਾਡਲ ਪੇਸ਼
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸਕੈਂਡਰੀ ਮਹਿੰਦਰ ਗੰਜ ਰਾਜਪੁਰਾ ਵਿੱਚ ਅੱਜ ਪ੍ਰਿੰਸੀਪਲ ਪੂਨਮ ਕੁਮਾਰੀ ਦੀ ਅਗਵਾਈ ਹੇਠ ਗਣਿਤ ਮੇਲਾ ਕਰਵਾਇਆ ਗਿਆ। ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਸੁਭਾਸ਼ ਪਹੂਜਾ ਨੇ ਮੁੱਖ ਮਹਿਮਾਨ, ਸਮਾਜ ਸੇਵੀ ਭੁਪਿੰਦਰ ਸਿੰਘ ਅਤੇ ਅਮਰਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸਕੂਲ ਦੇ 100 ਵਿਦਿਆਰਥੀਆਂ ਨੇ 57 ਗਣਿਤ ਮਾਡਲ ਪੇਸ਼ ਕੀਤੇ।