ਪੱਤਰ ਪ੍ਰੇਰਕ
ਦੇਵੀਗੜ੍ਹ, 19 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਬਹਾਦਰਪੁਰ ਫਕੀਰਾਂ (ਦੇਵੀਗੜ੍ਹ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ।
ਸਕੂਲ ਦੀ ਵਿਦਿਆਰਥਣ ਖੁਸ਼ਲੀਨ ਕੌਰ ਨੇ 96 ਫੀਸਦੀ ਅੰਕ ਪ੍ਰਾਪਤ ਕੀਤੇ, ਜਸਪ੍ਰੀਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ ਅਤੇ ਪਰਵਿੰਦਰ ਸਿੰਘ ਨੇ 88 ਫੀਸਦੀ ਅੰਕ ਪ੍ਰਾਪਤ ਕੀਤਾ। ਪ੍ਰਿੰਸੀਪਲ ਨਵਤੇਜ ਸਿੰਘ ਨੇ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਸਕੂਲ ਦੇ ਸਮੂਹ ਸਟਾਫ਼ ਦੀ ਮਿਹਨਤ ਸਦਕਾ ਹੀ ਹਾਸਿਲ ਹੋਇਆ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਤੇ ਪ੍ਰਿੰਸੀਪਲ ਨਵਤੇਜ ਸਿੰਘ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜਮਾਤ ਵਿੱਚ ਪਹਿਲੀ ਪੁਜੀਸ਼ਨ ਹਰਪ੍ਰੀਤ ਗਿਰ, ਦੂਜੀ ਪੁਜੀਸ਼ਨ ਚੰਚਲਪ੍ਰੀਤ ਕੌਰ ਤੇ ਤੀਜੀ ਪੁਜੀਸ਼ਨ ਪ੍ਰੀਤੀ ਦੇਵੀ ਨੇ ਪ੍ਰਾਪਤ ਕੀਤੀ। ਇਸ ਤਰ੍ਹਾਂ ਬਾਕੀ 17 ਬੱਚੇ ਵੀ 80 ਫੀਸਦੀ ਤੋਂ ਉੱਪਰ ਨੰਬਰ ਲੈ ਕੇ ਪਾਸ ਹੋਏ। ਪ੍ਰਿੰਸੀਪਲ ਬਲਿਵੰਦਰ ਭਾਰਤੀ ਅਤੇ ਮੈਡਮ ਸੰਜਨਾ ਭਾਰਤੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ।
ਦਸਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਈ ਵਿਦਿਆਰਥਣ ਦਾ ਸਨਮਾਨ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਸਰਕਾਰੀ ਕੰਨਿਆ ਸਕੈਂਡਰੀ ਸਕੂਲ, ਲਹਿਰਾਗਾਗਾ ਦੇ ਸਕੂਲ ਇੰਚਾਰਜ ਰੀਟਾ ਰਾਣੀ ਨੇ ਦੱਸਿਆ ਕਿ ਦਸਵੀਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ ਮਾਰਚ-2024 ਵਿੱਚੋਂ ਸਕੂਲ ਦੀ ਵਿਦਿਆਰਥਣ ਗਗਨਜੀਤ ਕੌਰ ਪੁੱਤਰੀ ਸ੍ਰੀ ਸੁਖਵਿੰਦਰ ਸਿੰਘ ਨੇ ਪੰਜਾਬ ਭਰ ਵਿੱਚੋਂ 18ਵਾਂ ਰੈਂਕ ਲੈ ਕੇ ਮੈਰਿਟ ਵਿੱਚ ਥਾਂ ਬਣਾਈ ਹੈ। ਸਕੂਲ ਵੱਲੋਂ ਗਗਨਜੀਤ ਕੌਰ ਨੂੰ ਸ਼ੀਲਡ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਦਿਲਪ੍ਰੀਤ ਨੇ ਮੈਰਿਟ ਲਿਸਟ ਵਿੱਚ ਥਾਂ ਬਣਾਈ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਰਾਇਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਸੰਤਪੁਰਾ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਆਏ ਦਸਵੀਂ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਵਾਸੀ ਪਿੰਡ ਸ਼ਾਹਪੁਰ ਨੇ ਦਸਵੀਂ ਦੇ ਨਤੀਜਿਆਂ ਵਿੱਚ 96.6 ਫ਼ੀਸਦੀ ਅੰਕ ਲੈ ਕੇ ਪੰਜਾਬ ਪੱਧਰ ’ਤੇ ਮੈਰਿਟ ਲਿਸਟ ਵਿੱਚ 18ਵਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਨੀਨਾ ਮਿੱਤਲ ਰਾਜਪੁਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪਟਿਆਲਾ, ਵਿਧਾਇਕ ਗੁਰਲਾਲ ਘਨੌਰ, ਰਣਜੋਧ ਸਿੰਘ ਹਡਾਣਾ (ਚੇਅਰਮੈਨ ਪੀਆਰਟੀਸੀ ਪੰਜਾਬ) ਵੱਲੋਂ ਦਿਲਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਧਰਮਿੰਦਰ ਸਿੰਘ ਮੁੰਡੀ ਤੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਮੁੰਡੀ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ।