ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਨਵੰਬਰ
ਸੰਨ 1971 ਦੀ ਪਾਕਿਸਤਾਨ ’ਤੇ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ’ਤੇ ਮਨਾਏ ਜਾ ਰਹੇ ਜਸ਼ਨਾਂ ਤਹਿਤ ਅੱਜ ਏਅਰਾਵਤ ਡਿਵੀਜ਼ਨ ਵੱਲੋਂ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਏਅਰਾਵਤ ਡਿਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ ਮੇਜਰ ਜਨਰਲ ਮੋਹਿਤ ਮਲਹੋਤਰਾ ਨੇ ਸਾਈਕਲ ਰੈਲੀ ਨੂੰ ਨਾਭਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਭਾਰਤੀ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ 1971 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਦੀ 50 ਸਾਲਾ ਯਾਦ ਵਿੱਚ ਅੱਜ ਕਰਵਾਈ ਸਾਈਕਲ ਰੈਲੀ ਵਿਚ 50 ਸਾਬਕਾ ਸੈਨਿਕਾਂ ਤੇ ਜਵਾਨਾਂ ਨੇ ਨਾਭਾ ਤੋਂ ਪਟਿਆਲਾ ਛਾਉਣੀ ਤੱਕ 30 ਕਿਲੋਮੀਟਰ ਦੀ ਰੈਲੀ ਵਿਚ ਹਿੱਸਾ ਲਿਆ। ਬੁਲਾਰੇ ਨੇ ਦੱਸਿਆ ਕਿ ਇਸ ਜੰਗੀ ਜਿੱਤ ਦੀ ਮਸ਼ਾਲ ਨੂੰ 1971 ਦੀ ਜੰਗ ਦੇ ਪਰਮਵੀਰ ਚੱਕਰ (ਪੀਵੀਸੀ) ਅਤੇ ਮਹਾਂਵੀਰ ਚੱਕਰ (ਐਮਵੀਸੀ) ਪੁਰਸਕਾਰ ਜੇਤੂ ਸੈਨਿਕਾਂ ਦੇ ਪਿੰਡਾਂ ਸਣੇ ਦੇਸ਼ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਇਸ ਦੇ ਰਸਤੇ ’ਚ ਆਉਣ ਵਾਲੇ 1971 ਦੀ ਭਾਰਤ-ਪਾਕਿ ਜੰਗ ਦੇ ਸਾਬਕਾ ਫ਼ੌਜੀਆਂ ਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ।