ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਕਤੂਬਰ
ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਵੱਲੋਂ ਗੁਰੂ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਗੁਰਦੁਆਰਾਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੇ ਹਜ਼ੂਰੀ ਕੀਰਤਨੀ ਪਾਸੋਂ ਗੁਰਬਾਣੀ ਸਰਵਣ ਦਾ ਆਨੰਦ ਮਾਣਿਆ। ਪ੍ਰਕਾਸ਼ ਪੁਰਬ ਮੌਕੇ ਗੁਰੂ ਦਰਬਾਰ ਨੂੰ ਵੱਖ-ਵੱਖ ਫੁੱਲਾਂ ਨਾਲ ਸਜਾਵਟ ਕੀਤੀ ਗਈ, ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਦੀਵਾਨ ਹਾਲ ਵਿਖੇ ਪਾਏ ਗਏ। ਇਸ ਦੌਰਾਨ ਹੈਡ ਗ੍ਰੰਥੀ ਅਤੇ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਨੇ ਸਰਬੱਤ ਦੇ ਭਲੇ ਅਰਦਾਸ ਕੀਤੀ ਅਤੇ ਪੁੱਜੀਆਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ।
ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਰਾਜਪੁਰਾ(ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਚੌਥੀ ਪਾਤਸ਼ਾਹੀ ਗੁਰੂ ਰਾਮ ਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਸ਼ਹਿਰੀ ਖੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ, ਗੁਰਦੁਆਰਾ ਜਪੁ ਸਾਹਿਬ ਗੋਬਿੰਦ ਕਲੋਨੀ, ਕੇਂਦਰੀ ਗੁਰਦੁਆਰਾ ਗੁਰੂ ਸਿੰਘ ਸਭਾ ਟਾਊਨ ਸਮੇਤ ਹੋਰਨਾਂ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ ਅਤੇ ਕਥਾ ਕੀਰਤਨ ਦਰਬਾਰ ਸਜਾਏ ਗਏ। ਇਨ੍ਹਾਂ ਵਿੱਚ ਵੱਡੀ ਗਿਣਤੀ ਸੰਗਤਾਂ ਸ਼ਾਮਲ ਹੋਈਆ।
ਅਕਾਲ ਸਹਾਏ ਅਕੈਡਮੀ ਨੇ ਪ੍ਰਕਾਸ਼ ਪੁਰਬ ਮਨਾਇਆ
ਲਹਿਰਾਗਾਗਾ: ਨੇੜਲੇ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਵਿੱਚ ਅੱਜ ਚੌਥੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਪੂਰੀ ਸ਼ਰਧਾ ਨਾਲ ਸਮੂਹ ਸਟਾਫ ਅਤੇ ਬੱਚਿਆਂ ਦੁਆਰਾ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਬੱਚਿਆਂ ਗੁਰਸਿਮਰਨ ਕੌਰ , ਰਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ , ਦੀਪਕਰਨ ਸਿੰਘ ਦੁਆਰਾ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਜਨੀ ਰਾਣੀ ਨੇ ਬੱਚਿਆਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਸਿੱਖਿਆ ਉੱਪਰ ਚਲਣ ਲਈ ਪ੍ਰੇਰਿਆ। -ਪੱਤਰ ਪ੍ਰੇਰਕ