ਪੱਤਰ ਪ੍ਰੇਰਕ
ਦੇਵੀਗੜ੍ਹ, 8 ਮਈ
ਅਪੋਲੋ ਪਬਲਿਕ ਦੇਵੀਗੜ੍ਹ ਵਿਖੇ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ, ਗੀਤ ਅਤੇ ਡਾਂਸ ਰਾਹੀਂ ਮਾਂ ਵੱਲੋਂ ਨਿਭਾਈ ਜਾਂਦੀ ਭੂਮਿਕਾ ਦਾ ਅਨੋਖਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਾਂ ਦੀ ਮਹਿਮਾ ਦਾ ਵਰਣਨ ਕਰਦਿਆਂ ਤਿਆਗ, ਪਿਆਰ, ਦਇਆ ਅਤੇ ਸਨੇਹ ਦੀ ਮੂਰਤ ਦੱਸਿਆ, ਜਿਸ ਦੀ ਛਾਂ ਵਿੱਚ ਕੇਵਲ ਮਨੁੱਖ ਹੀ ਨਹੀਂ ਦੇਵਤੇ ਵੀ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਲਮਾ ਦੀਕਸ਼ਿਤ ਨੇ ਬੱਚਿਆਂ ਨੂੰ ਮਾਂ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ।
ਚੀਮਾ ਮੰਡੀ (ਪੱਤਰ ਪ੍ਰੇਰਕ): ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਵਿਖੇ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਮਾਂ ਦਿਵਸ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ ਰਾਏ ਨੇ ਕਿਹਾ ਕਿ ਮਾਂ ਦਿਵਸ ਸਮਾਜ ਵਿੱਚ ਮਾਵਾਂ ਦੇ ਪ੍ਰਭਾਵ ਅਤੇ ਸਤਿਕਾਰ ਦਾ ਜਸ਼ਨ ਹੈ ਤੇ ਮਾਂ ਦਿਵਸ ਸਾਰੀਆਂ ਮਾਵਾਂ ਅਤੇ ਮਾਂ ਬੋਲੀ ਲਈ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਮਾਂ ਦਿਵਸ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।
ਲਹਿਰਾਗਾਗਾ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਿਖੇ ਮਾਂ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ। ਮਾਂ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਵਾਈਸ ਪ੍ਰਿੰਸੀਪਲ ਰੋਹਿਤ ਵਾਲੀਆ ਨੇ ਦੱਸਿਆ ਕਿ ਸਭ ਤੋਂ ਪਹਿਲਾ ਮਾਂ ਦਿਵਸ ਯੁੱਧ ਵਿਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਂਦਾ ਹੈ।