ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਗਸਤ
ਰਾਜ ਕਲੋਨੀ ਦੇ ਲਾਪਤਾ 23 ਸਾਲਾ ਦਲਵਿੰਦਰ ਸਿੰਘ ਦਾ 22 ਦਿਨਾਂ ਮਗਰੋਂ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ ਅਤੇ ਸੁਖਵਿੰਦਰ ਕੌਰ ਦਾ ਇਹ ਲੜਕਾ ਤਿੰਨ ਹਫ਼ਤੇ ਪਹਿਲਾਂ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਕੰਮ ’ਤੇ ਜਾ ਰਿਹਾ ਹੈ ਪਰ ਕੁਝ ਸਮੇਂ ਬਾਅਦ ਹੀ ਉਸ ਦਾ ਫੋਨ ਆਇਆ ਕਿ ਉਹ ਭਾਖੜਾ ਨਹਿਰ ਵਿੱਚ ਛਾਲ ਮਾਰਨ ਲੱਗਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਹ ਇੱਕ ਕੁੜੀ ਨਾਲ ਫੋਨ ’ਤੇ ਗੱਲਬਾਤ ਕਰਿਆ ਕਰਦਾ ਸੀ ਅਤੇ ਦੋਵੇ ਇੱਕ ਦੂਜੇ ਨੂੰ ਮੈਸੇਜ ਵੀ ਕਰਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੇਲ ਮਿਲਾਪ ਹੀ ਉਨ੍ਹਾਂ ਦੇ ਪੁੱਤ ਦੀ ਮੌਤ ਦਾ ਕਾਰਨ ਬਣਿਆ ਹੈ। ਇੱਕ ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਪੁਲੀਸ ਨੇ ਗੋਤਾਖੋਰਾਂ ਰਾਹੀਂ ਵੀ ਤਲਾਸ਼ ਕਰਵਾ ਲਈ ਹੈ, ਪਰ ਭਾਖੜਾ ’ਚੋਂ ਨੌਜਵਾਨ ਬਾਰੇ ਕੁਝ ਵੀ ਪਤਾ ਨਹੀਂ ਲੱਗਾ।