ਰਵੇਲ ਸਿੰਘ ਭਿੰਡਰ
ਪਟਿਆਲਾ, 17 ਜੁਲਾਈ
ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਸਕਰੂਟਨੀ ਕਰਵਾ ਚੁੱਕੇ 2364 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੱਕਾ ਧਰਨਾ ਲਗਾਤਾਰ ਅੱਜ 10ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸੰਘਰਸ਼ੀ ਧਿਰਾਂ ਨੇ ਪੱਕੇ ਧਰਨੇ ਤੋਂ ਲੈ ਕੇ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਣ ਮਗਰੋਂ ਬੱਸ ਸਟੈਂਡ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ।
ਦੱਸਣਯੋਗ ਹੈ ਕਿ 2364 ਪੋਸਟਾਂ ਲਈ ਸਕਰੂਟਨੀ ਕਰਵਾ ਚੁੱਕੇ ਅਧਿਆਪਕਾਂ ਨੂੰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਇਸ ਦੇ ਰੋਸ ਵਜੋਂ 2364 ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਪੱਕਾ ਧਰਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਥੇਬੰਦੀ ਦੇ ਆਗੂ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ ਸਮੇਂ ’ਤੇ ਮੀਟਿੰਗਾਂ ਹੋਈਆਂ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ ਜਿਸ ਕਰਕੇ ਇਹ ਅਧਿਆਪਕ ਪਿਛਲੇ 10 ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਹੋਏ ਹਨ ਪ੍ਰੰਤੂ ਸਰਕਾਰ ਵੱਲੋਂ ਹਾਲੇ ਤੱਕ ਕੋਈ ਸਾਰ ਨਹੀਂ ਲਈ ਗਈ। ਇਸ ਕਰਕੇ ਅੱਜ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਗਈ। ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਲਗਾਤਾਰ ਜਾਰੀ ਹੈ, ਜਿਸ ਕਰਕੇ ਇਨ੍ਹਾਂ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਟਾਲ ਮਟੋਲ ਤੋਂ ਤੰਗ ਇਨ੍ਹਾਂ ਅਧਿਆਪਕਾਂ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੋਈ ਹੈ। ਇਸ ਤਹਿਤ ਅੱਜ ਮਨਪ੍ਰੀਤ ਸਿੰਘ ਸੰਗਰੂਰ, ਨੇਹਾ ਰਾਣੀ ਸੰਗਰੂਰ ਅਤੇ ਸਰਬਜੀਤ ਕੌਰ ਸੰਗਰੂਰ ਭੁੱਖ ਹੜਤਾਲ ’ਤੇ ਬੈਠੇ ।
ਆਗੂਆਂ ਕਿਹਾ ਕਿ ਇਹ ਭੁੱਖ ਹੜਤਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਨੂੰ 2364 ਅਧਿਆਪਕਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨੇ ਚਾਹੀਦੇ ਹਨ। ਇਸ ਮੌਕੇ ਯੂਨੀਅਨ ਸਟੇਟ ਕਮੇਟੀ ਮੈਂਬਰ ਜਗਜੀਤ ਸਿੰਘ ਮੋਗਾ, ਬੂਟਾ ਸਿੰਘ ਮਾਨਸਾ, ਕੁਲਦੀਪ ਚਹਿਲ, ਮਲੂਕ ਸਿੰਘ ਮਾਨਸਾ, ਗੁਰਜੰਟ ਪਟਿਆਲਾ, ਜਰਮਨ ਹੁੰਦਲ ,ਸੰਦੀਪ ਕੌਰ ਪਟਿਆਲਾ , ਗੁਰਜੀਤ ਸਿੰਘ, ਕੁਲਦੀਪ ਚਹਿਲ, ,ਸੰਦੀਪ ਸਿੰਘ, ਮਨੀਤੋਸ਼, ਗੁਰਵਿੰਦਰ ਸਿੰਘ, ਸੁਨੀਲ , ਦੀਪਕ ਮਾਨਸਾ ,ਗੁਲਜ਼ਾਰ ਮਾਨਸਾ, ਰਾਮਦਾਸ ਪਟਿਆਲਾ, ਕਿਰਨਪਾਲ, ਅੰਜੂ ਸਹਿਗਲ ਤੇ ਰਮਿੰਦਰ ਕੌਰ ਫਿਰੋਜ਼ਪੁਰ ਆਦਿ ਹਾਜ਼ਰ ਸਨ।