ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਅਗਸਤ
ਟੀਚਰਜ਼ ਐਟਰੈਂਸ ਟੈਸਟ (ਟੈੱਟ) ਕਰਵਾਉਣ ਦੀ ਮੰਗ ਨੂੰ ਲੈ ਕੇ ਈ.ਟੀ.ਟੀ ਅਧਿਆਪਕਾਂ ਅਤੇ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾ ਰਹੇ ਰੂਰਲ ਹੈਲਥ ਫਾਰਮਾਸਿਸਟ/ਅਫਸਰਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇਥੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕੀਤੇ। ਪੁਲੀਸ ਵੱਲੋਂ ਰੋਕਣ ’ਤੇ ਉਹ ਮੋਤੀ ਮਹਿਲ ਦੇ ਨਜ਼ਦੀਕ ਹੀ ਵਾਈਪੀਐਸ ਚੌਕ ’ਚ ਹੀ ਧਰਨਾ ਮਾਰ ਕੇ ਬੈਠ ਗਏ। ਇਸ ਧਰਨੇ ਦੀ ਅਗਵਾਈ ਕਰਦਿਆਂ ਈਟੀਟੀ ਪਾਸ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਸੋਨਮ ਅਤੇ ਹੋਰਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਤਿੰਨਾਂ ਸਾਲਾਂ ਤੋਂ ਟੀਚਰਜ਼ ਐਟਰੈਂਸ ਟੈਸਟ (ਟੈਟ) ਨਹੀਂ ਕਰਵਾਇਆ। ਜਦਕਿ ਇਹ ਟੈਸਟ ਹਰ ਸਾਲ ਹੋਣਾ ਬਣਦਾ ਹੈ ਪਰ ਅਜਿਹਾ ਨਾ ਹੋਣ ਕਾਰਨ ਉਹ ਸਰਕਾਰ ਵੱਲੋਂ ਹਾਲ ਹੀ ’ਚ ਕੱਢੀਆਂ ਬੀ.ਐੱਡ ਅਧਿਆਪਕਾਂ ਦੀਆਂ 6635 ਪੋਸਟਾਂ ਲਈ ਅਪਲਾਈ ਵੀ ਨਹੀਂ ਕਰ ਪਾ ਰਹੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਹ ਟੈਸਟ ਕਰਾਵੇ, ਤਾਂ ਜੋ ਉਹ ਵੀ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਕੇ ਆਪਣੀ ਕਿਸਮਤ ਅਜ਼ਮਾ ਸਕਣ। ਅਖੀਰ ਇਨ੍ਹਾਂ ਦੇ ਇੱਕ ਵਫਦ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਮੁਕੱਰਰ ਹੋਣ ’ਤੇ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸੇ ਦੌਰਾਨ ਪਿਛਲੇ ਕਈ ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾਉਂਦੇ ਆ ਰਹੇ ਰੂਰਲ ਹੈਲਥ ਫਾਰਮਾਸਿਸਟ/ਅਫਸਰਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇਥੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕੀਤਾ। ਰੂਰਲ ਹੈਲਥ ਫਾਰਮਾਸਿਸਟ/ਅਫਸਰ ਐਸੋਸਈਏਸ਼ਨ ਦੇ ਸੂੁਬਾ ਪ੍ਰਧਾਨ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਇਥੇ ਮੋਦੀ ਕਾਲਜ ਕੋਲ਼ ਰੋਸ ਪ੍ਰਦਰਸ਼ਨ ਕੀਤਾ। ਮਗਰੋਂ ਉਹ ਇਥੋਂ ਨਜ਼ਦੀਕ ਹੀ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਨੂੰ ਹੋ ਤੁਰੇ। ਪਰ ਮਹਿਲ ਤੋਂ ਪਹਿਲਾਂ ਹੀ ਸਥਿਤ ਵਾਈਪੀਐਸ ਚੌਕ ’ਤੇ ਹੀ ਪੁਲੀਸ ਨੇ ਉਨ੍ਹਾਂ ਦੇ ਇਸ ਕਾਫਲੇ ਨੂੰ ਰੋਕ ਲਿਆ। ਇਸ ਕਰਕੇ ਉਹ ਇਸੇ ਚੌਕ ’ਚ ਬੈਠ ਕੇ ਧਰਨਾ ਪ੍ਰਦਰਸ਼ਨ ਕਰਨ ਲੱਗੇ। ਬੁਲਾਰਿਆਂ ਦਾ ਕਹਿਣਾ ਸੀ ਕਿ ਸਾਰੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਉਹ ਕਈ ਕਈ ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਹੀ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਅਖੀਰ ਇਥੇ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਐਸਪੀ ਸਿਟੀ ਵਰੁਣ ਸ਼ਰਮਾ ਨੇ ਸਥਾਨਕ ਅਧਿਕਾਰੀਆਂ ਰਾਹੀਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ’ਤੇ ਸਥਿਤ ਓਐੱਸਡੀ ਐਮ.ਪੀ ਸਿੰਘ ਨਾਲ਼ 3 ਸਤੰਬਰ ਲਈ ਮੀਟਿੰਗ ਮੁੱਕਰਰ ਕਰਵਾ ਦਿੱਤੀ ਜਿਸ ਮਗਰੋਂ ਉਨ੍ਹਾਂ ਨੇ ਧਰਨਾ ਸਮਾਪਤ ਕਰ ਦਿੱਤਾ।