ਗੁਰਪ੍ਰੀਤ ਸਿੰਘ
ਘਨੌਰ, 4 ਦਸੰਬਰ
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਵੱਲੋਂ ਕਸਬਾ ਘਨੌਰ ਦੇ ਅਨੁਸੂਚਿਤ ਜਾਤੀ ਵਰਗ ਦੀ ਜ਼ਮੀਨ ’ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਅਤੇ ਇਸ ਜ਼ਮੀਨ ਵਿੱਚੋਂ ਦਰੱਖਤ ਕੱਟੇ ਜਾਣ ਦੇ ਮਾਮਲੇ ਦੀ ਪੜਤਾਲ ਲਈ ਕਸਬਾ ਘਨੌਰ ਦਾ ਦੌਰਾ ਕੀਤਾ ਗਿਆ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਕੋਲ ਸ਼ਿਕਾਇਤ ਪੁੱਜੀ ਸੀ ਜਿਸ ਕਰ ਕੇ ਮਾਮਲੇ ਦੀ ਪੜਤਾਲ ਲਈ ਕਮਿਸ਼ਨ ਦੇ ਮੈਂਬਰਾਂ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਦੀ ਅਗਵਾਈ ਵਿੱਚ ਟੀਮ ਵੱਲੋਂ ਘਨੌਰ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਕਮਿਸ਼ਨ ਦੀ ਟੀਮ ਨੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਧਿਰ ਦੇ ਬਿਆਨ ਦਰਜ ਕੀਤੇ ਅਤੇ ਅਗਲੇਰੀ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ। ਸਿੱਅ ਵਿੱਚ ਐੱਸਡੀਐੱਮ ਰਾਜਪੁਰਾ, ਡੀਐੱਸਪੀ ਘਨੌਰ ਅਤੇ ਤਹਿਸੀਲਦਾਰ ਰਾਜਪੁਰਾ ਸ਼ਾਮਲ ਹੋਣਗੇ। ਸਿੱਟ ਨੂੰ 18 ਦਸੰਬਰ ਤੱਕ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਪੜਤਾਲੀਆ ਰਿਪੋਰਟ ਭੇਜੇ ਜਾਣ ਦੀ ਹਦਾਇਤ ਕੀਤੀ ਗਈ ਹੈ।
ਇਸ ਮੌਕੇ ਐੱਸਡੀਐੱਮ ਰਾਜਪੁਰਾ ਖੁਸ਼ਦਿਲ ਸਿੰਘ, ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਰਾਜਪੁਰਾ ਮਨਮੋਹਨ ਕੁਮਾਰ, ਨਾਇਬ ਤਹਿਸੀਲਦਾਰ ਘਨੌਰ ਗੌਰਵ ਬਾਂਸਲ ਅਤੇ ਕਾਰਜਸਾਧਕ ਅਫ਼ਸਰ ਚੇਤੰਨ ਕੁਮਾਰ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ ਮੌਜੂਦ ਸਨ। ਇਸ ਮੌਕੇ ਐੱਸਸੀ ਕਮਿਸ਼ਨ ਦੀ ਟੀਮ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਪੜਤਾਲ ਲਈ ਪਰਮਜੀਤ ਸਿੰਘ ਮੱਟੂ, ਅਮਰਿੰਦਰ ਸਿੰਘ, ਕਰਨੈਲ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਕੋਲ ਸ਼ਿਕਾਇਤ ਕੀਤੀ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਚੇਅਰਪਰਸਨ ਨੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸਿੱਟ ਕੋਲੋਂ ਮਾਮਲੇ ਦੀ ਰਿਪੋਰਟ ਮਿਲਣ ’ਤੇ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।