ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ 15 ਨਵੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਇਹ ਐਲਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਸ਼ਹੀਦ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੀ ਯਾਦ ’ਚ ਬਣਾਏ ਗਏ ਤਿੰਨ ਇਤਿਹਾਸਕ ਯਾਦਗਾਰੀ ਗੇਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਢਾਈ ਕਰੋੜ ਨਾਲ ਤਿਆਰ ਹੋਣ ਵਾਲੀ ਸਰਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸੇ ਦੌਰਾਨ ਪ੍ਰਧਾਨ ਬੀਬੀ ਜਗੀਰ ਗੌਰ ਨੇ ਕਿਹਾ ਕਿ ਸੰਗਤਾਂ ਦੀ ਪੁਰਜ਼ੋਰ ਮੰਗ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਉਸਾਰੀ ਜਾ ਰਹੀ 20 ਕਮਰਿਆਂ ਵਾਲੀ ਸਰਾਂ ਲਈ 2.5 ਕਰੋੜ ਖਰਚ ਕੀਤੇ ਜਾਣਗੇ ਜਿਸ ਦੇ ਨਿਰਮਾਣ ਦੀ ਸੇਵਾ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ 3 ਨਵੰਬਰ ਨੂੰ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਕਾਲ ਤਖਤ ਵਿਖੇ 2 ਹਜ਼ਾਰ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਮੀਤ ਮੈਨੇਜਰ ਇੰਦਰਜੀਤ ਸਿੰਘ, ਹੈਡ ਗ੍ਰੰਥੀ ਹਰਵਿੰਦਰ ਸਿੰਘ ਸਮੇੇਤ ਸ਼੍ਰੋਮਣੀ ਕਮੇਟੀ ਮੈਂਬਰਾਨ ਸਤਵਿੰਦਰ ਟੌਹੜਾ, ਜਸਮੇਰ ਲਾਛੜੂ, ਨਿਰਮਲ ਹਰਿਆਊ, ਕੁਲਦੀਪ ਨੱਸੂਪੁਰ, ਕੁਲਦੀਪ ਕੌਰ ਟੌਹੜਾ, ਜਰਨੈਲ ਕਰਤਾਰਪੁਰ, ਸਾਬਕਾ ਮੇਅਰ ਅਜੀਤਪਾਲ ਕੋਹਲੀ ਤੇ ਅਮਰਿੰਦਰ ਬਜਾਜ, ਅਕਾਲੀ ਆਗੂ ਹਰਪਾਲ ਜੁਨੇਜਾ, ਡਾ. ਸੁਖਬੀਰ ਸਿੰਘ, ਗੁਰਦੀਪ ਸ਼ੇਖੂਪੁਰਾ, ਰਾਣਾ ਸੇਖੋਂ, ਗੁਰਦਿਆਲ ਰੰਧਾਵਾ, ਭਗਵੰਤ ਸਿੰਘ, ਹਰਭਜਨ ਕੌਰ ਤੇ ਸਵਰਨ ਲਤਾ ਆਦਿ ਵੀ ਹਾਜ਼ਰ ਸਨ। ਇਥੇ ਦੱਸਣਯੋਗ ਹੈ ਕਿ ਸਮਾਗਮ ਦੌਰਾਨ ਰਾਜਪੁਰਾ ਤੋਂ ਚਰਨਜੀਤ ਬਰਾੜ ਨੂੰ ਟਿਕਟ ਦੇਣ ਦੇ ਮਾਮਲੇ ਨੂੰ ਲੈ ਕੇ ਨਾਰਾਜ਼ 17 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅੱਜ ਸ਼੍ਰੋਮਣੀ ਕਮੇਟੀ ਦੇ ਪਟਿਆਲਾ ਵਿਚਲੇ ਸਮਾਗਮਾਂ ਦੌਰਾਨ ਵੀ ਗੈਰ ਹਾਜ਼ਰ ਰਹੇ।
ਕਿਸਾਨ ਮੋਰਚੇ ਨੂੰ ਢਾਹ ਲਾਉਣ ’ਤੇ ਤੁਲੀਆਂ ਵਿਰੋਧੀ ਤਾਕਤਾਂ: ਜਗੀਰ ਕੌਰ
ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਜਾਰੀ ਕਿਸਾਨ ਸੰਘਰਸ਼ ਨੂੰ ਵਿਸ਼ਵ ਵਿਆਪੀ ਗਰਦਾਨਦਿਆਂ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਥੇ ਕਿਹਾ ਕਿ ਕੁਝ ਬਾਹਰੀ ਤਾਕਤਾਂ ਕਾਲੇ ਕਾਨੂੰਨਾਂ ਖ਼ਿਲਾਫ਼ ਜਾਰੀ ਇਸ ਸੰਘਰਸ਼ ਨੂੰ ਢਾਹ ਲਾਉਣ ਦੀ ਤਾਕ ’ਚ ਹਨ। ਉਨ੍ਹਾਂ ਕਿਹਾ ਕਿ ਇਸ ਕਿਸਾਨ ਅੰਦਲੋਨ ਨੂੰ ਨਾ ਸਿਰਫ਼ ਦੇਸ਼, ਬਲਕਿ ਵਿਸ਼ਵ ਭਰ ਤੋਂ ਮਿਲ ਰਹੇ ਭਾਰੀ ਸਮਰਥਨ ਤੋਂ ਬੁਖਲਾਈ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੋਈ ਨਾ ਕੋਈ ਵਿਉਂਤਾ ਗੁੰਦਦੀ ਰਹਿੰਦੀ ਹੈ। ਪਰ ਦੇਸ਼ ਦੀ ਹਕੂਮਤ ਦੇ ਅਜਿਹੇ ਮਾੜੇ ਮਨਸੂਬੇ ਹਰ ਵਾਰ ਹੀ ਖੁੰਢੇ ਹੋ ਕ ਰਹਿ ਜਾਂਦੇ ਹਨ। ਇਸ ਮੌਕੇ ਕਾਰ ਸੇਵਾਵਾਲ਼ੇ ਬਾਬਾ ਅਮਰੀਕ ਸਿੰਘ, ਬਾਬਾ ਇੰਦਰ ਸਿੰਘ, ਦੋ ਸਾਬਕਾ ਮੇਅਰ ਅਜੀਤਪਾਲ ਕੋਹਲੀ ਤੇ ਅਮਰਿੰਦਰ ਬਜਾਜ, ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪਾਲ ਜੁਨੇਜਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸ਼ੇਖਪੁਰਾ, ਭੁਪਿੰਦਰ ਸੇਖਪੁਰਾ, ਦੀਦਾਰ ਗੁਰਨਾਖੇੜੀ, ਮੈਨੇਜਰ ਕਰਨੈਲ ਸਿੰਘ ਲਾਭਾ ਤੇ ਮੀਤ ਮੈਨੇਜਰ ਕਰਨੈਲ ਵਿਰਕ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।