ਖੇਤਰੀ ਪ੍ਰਤੀਨਿਧ
ਪਟਿਆਲਾ, 1 ਮਈ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਸ਼ਲ ਮੀਡੀਆ ’ਤੇ ਫੈਲਦੇ ਭੜਕਾਊ ਬਿਆਨਾਂ, ਅਫ਼ਵਾਹਾਂ, ਸਨਸਨੀਖੇਜ਼ ਖ਼ਬਰਾਂ ਤੇ ਗ਼ਲਤ ਅਤੇ ਤੱਥਹੀਣ ਪੋਸਟਾਂ ਦਾ ਗੰਭੀਰ ਨੋਟਿਸ ਲਿਆ ਹੈ। ਇਸ ਦੇ ਚੱਲਦਿਆਂ, ਉਨ੍ਹਾਂ ਨੇ ਭਵਿੱਖ ’ਚ ਅਜਿਹੇ ਰੁਝਾਨ ਨੂੰ ਰੋਕਣ ਲਈ ਆਪਣੇ ਦਫ਼ਤਰ ਵਿੱਚ ਸੋਸ਼ਲ ਮੀਡੀਆ ਮੌਨੀਟਰਿੰਗ ਸੈੱਲ ਸਥਾਪਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠਲੀ ਇਸ ਟੀਮ ’ਚ ਡੀ.ਪੀ.ਆਰ.ਓ. ਦਫ਼ਤਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਅਤੇ ਪੁਲੀਸ ਦੇ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਹ ਖ਼ੁਦ ਇਸ ਦੀ ਨਿਗਰਾਨੀ ਕਰਨਗੇ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਵਟਸਐਪ ਨੰਬਰ 95929-12900 ਅਤੇ ਈਮੇਲ ਆਈਡੀ smmcpta@gmail.com ਜਾਰੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨਾਂ, ਗ਼ਲਤ ਪੋਸਟਾਂ ਅਤੇ ਸਨਸਨੀਖੇਜ਼ ਖ਼ਬਰਾਂ ਆਦਿ ਨੂੰ ਅੱਗੇ ਪੋਸਟ ਜਾਂ ਸ਼ੇਅਰ ਨਾ ਕਰਨ। ਸਗੋਂ ਇਸ ਨੂੰ ਪਟਿਆਲਾ ਪੁਲੀਸ ਦੇ ਸਾਈਬਰ ਸੈੱਲ ਦੇ ਇੰਚਾਰਜ ਦੇ ਵਟਸਐਪ ਨੰਬਰ, ਈਮੇਲ ਜਾਂ DCPatialaPb ਅਤੇ DPROPatiala ਦੇ ਟਵਿਟਰ ਹੈਂਡਲਾਂ ਉੱਪਰ ਵੀ ਡਾਇਰੈਕਟ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ।