ਬੀਰਬਲ ਰਿਸ਼ੀ
ਸ਼ੇਰਪੁਰ, 22 ਜੁਲਾਈ
ਟੋਭੇ ਨਾਲ ਲੱਗਦੀ ਕੰਧ ਦੇ ਢਹਿ ਜਾਣ ਨਾਲ ਮਾਰਕੀਟ ਕਮੇਟੀ ਸ਼ੇਰਪੁਰ ਦੇ ਦਫ਼ਤਰ ਨੂੰ ਪਾਣੀ ਨੇ ਘੇਰਾ ਪਾ ਲਿਆਠ ਹੈ ਜਿਸ ਕਾਰਨ ਅੱਜ ਦਫ਼ਤਰ ਆਏ ਮੁਲਾਜ਼ਮ ਤੇ ਸਿਹਤ ਬੀਮਾ ਯੋਜ਼ਨਾ ਦੇ ਫਾਰਮ ਭਰਨ ਆਏ ਕਿਸਾਨਾਂ ਨੂੰ ਗੋਡੇ-ਗੋਡੇ ਪਾਣੀ ’ਚੋਂ ਔਖੀ ਸਥਿਤੀ ’ਚ ਲੰਘਣਾ ਪਿਆ। ਦੋ ਦਿਨ ਪਹਿਲਾਂ ਹਨੇਰੀ ਆਉਣ ਨਾਲ ਮਾਰਕੀਟ ਕਮੇਟੀ ਦੀ ਟੋਭੇ ਨਾਲ ਲੱਗਦੀ ਕੰਧ ਢਹਿ ਗਈ ਜਿਸ ਨਾਲ ਟੋਭੇ ਦਾ ਪਾਣੀ ਮਾਰਕੀਟ ਕਮੇਟੀ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਹੈ। ਹਾਜ਼ਰੀਨ ਮੁਲਾਜ਼ਮਾਂ ਦਾ ਕਹਿਣਾ ਹੈ ਜੇ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤੇ ਕੰਧ ਨਾ ਕੱਢੀ ਗਈ ਤਾਂ ਪਾਣੀ ਮਾਰਕੀਟ ਕਮੇਟੀ ਦੇ ਅੰਦਰਲੇ ਕਮਰਿਆਂ ਨੂੰ ਵੀ ਲਪੇਟ ’ਚ ਲੈ ਸਕਦਾ ਹੈ। ਇੱਕ ਕਿਸਾਨ ਨੇ ਦੱਸਿਆ ਕਿ ਉਹ ਅੱਜ ਫਾਰਮ ਭਰਨ ਆਏ ਸਨ ਪਰ ਉਨ੍ਹਾਂ ਦੇ ਸਾਰੇ ਕੱਪੜੇ ਭਿੱਜ ਗਏ ਤੇ ਉਨ੍ਹਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਦਫ਼ਤਰ ਵਿੱਚ ਪ੍ਰਵੇਸ਼ ਹੋਣਾ ਪਿਆ। ਉਧਰ, ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਮਾਰਕੀਟ ਕਮੇਟੀ ਦੇ ਨਾਲ ਲੱਗਦੇ ਖਰੀਦ ਕੇਂਦਰ ਦੇ ਯਾਰਡ ਦੀ ਕੰਧ ’ਚ ਕਿਸੇ ਨੇ ਜਾਣ ਬੁੱਝ ਕੇ ਮੋਰਾ ਕਰ ਦਿੱਤਾ ਜਿਸ ਨਾਲ ਖਰੀਦ ਕੇਂਦਰ ਵਿੱਚ ਵੀ ਇੱਕ ਹੋਰ ਟੋਭੇ ਦਾ ਪਾਣੀ ਵੜ ਗਿਆ ਹੈ। ਮਾਰਕੀਟ ਕਮੇਟੀ ਸ਼ੇਰਪੁਰ ਦੇ ਲੇਖਾਕਾਰ ਕਰਤਾਰ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਨੂੰ ਕੰਧ ਦੀ ਹਾਲਤ ਸਬੰਧੀ ਪਹਿਲਾਂ ਹੀ ਪੱਤਰ ਲਿਖਿਆ ਹੈ ਤੇ ਖ਼ਰੀਦ ਕੇਂਦਰ ਵੱਲ ਕੰਧ ਤੋੜ ਕੇ ਮੋਰਾ ਕਰਨ ਸਬੰਧੀ ਪੁਲੀਸ ਨੂੰ ਕਾਰਵਾਈ ਲਈ ਦਰਖਾਸਤ ਦਿੱਤੀ ਹੈ। ਪੰਜਾਬ ਮੰਡੀ ਬੋਰਡ ਦੇ ਜੇਈ ਇਕਬਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੰਧ ਦੀ ਉਸਾਰੀ ਲਈ ਮਾਰਕੀਟ ਕਮੇਟੀ ਨੇ ਮਤਾ ਪਾਇਆ ਸੀ ਜਿਸ ਲਈ ਉਹ ਸੀਵੀਆਰ ਵੈਲਿਯੂ ਤਿਆਰ ਕਰਕੇ ਡਿਜ਼ਾਈਨ ਬਣਾ ਰਹੇ ਹਨ।