ਪੱਤਰ ਪ੍ਰੇਰਕ
ਪਟਿਆਲਾ, 15 ਦਸੰਬਰ
ਪਾਵਰ ਜੂਨੀਅਰ ਇੰਜਨੀਅਰਾਂ ਦਾ ਅੰਦੋਲਨ ਅੱਜ 50ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਉਹ ਸਟੋਰਾਂ, ਮੀਟਰਿੰਗ ਲੈਬਾਂ ਅਤੇ ਹਰ ਕਿਸਮ ਦੀ ਫ਼ੀਲਡ ਚੈਕਿੰਗ ਦਾ ਬਾਈਕਾਟ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਦਫ਼ਤਰੀ ਮੋਬਾਈਲ ਫ਼ੋਨ ਵੀ ਬੰਦ ਰੱਖੇ ਹੋਏ ਹਨ। ਇਸ ਦੌਰਾਨ 17 ਨਵੰਬਰ 2021 ਨੂੰ ਪਟਿਆਲਾ ਵਿਚ ਪਾਵਰਕੌਮ ਹੈੱਡਕੁਆਰਟਰ ਦੇ ਸਾਹਮਣੇ ਸ਼ੁਰੂ ਹੋਇਆ। ਇੰਜ. ਦਵਿੰਦਰ ਸਿੰਘ ਜਨਰਲ ਸਕੱਤਰ ਜੇਈ ਕੌਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਲੜੀਵਾਰ ਭੁੱਖ ਹੜਤਾਲ ਅੱਜ ਲਗਾਤਾਰ 29ਵੇਂ ਦਿਨ ਵੀ ਜਾਰੀ ਹੈ।
ਇੰਜ. ਪਰਮਜੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਅਤੇ ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਪਾਵਰ ਜੂਨੀਅਰ ਇੰਜਨੀਅਰ ਐਂਟਰੀ ਲੈਵਲ ਦੀ ਤਨਖ਼ਾਹ ਵਿਚ ਵਾਧੇ ਦੀ ਆਪਣੀ ਮੁੱਖ ਮੰਗ ਦਾ ਨਿਪਟਾਰਾ ਨਾ ਹੋਣ ਕਾਰਨ ਅੰਦੋਲਨ ਕਰ ਰਹੇ ਹਨ ਕਿਉਂਕਿ ਉਹ 17,450 ਰੁਪਏ ਦੀ ਮੁੱਢਲੀ ਤਨਖ਼ਾਹ ਲੈ ਰਹੇ ਹਨ, ਜਦੋਂਕਿ ਪੰਜਾਬ ਸਰਕਾਰ ਦਾ ਜੇਈ ਕਾਡਰ 18,250 ਰੁਪਏ ਦੀ ਮੁੱਢਲੀ ਤਨਖ਼ਾਹ ਲੈ ਰਿਹਾ ਹੈ। ਇਸ ਅਨੁਸਾਰ ਪਾਵਰਕੌਮ ਦੇ ਜੇਈ ਨੂੰ ਮੁਢਲੀ ਤਨਖ਼ਾਹ 19,770 ਰੁਪਏ ਦੇਣੀ ਬਣਦੀ ਹੈ। ਪਾਵਰ ਮੈਨੇਜਮੈਂਟ ਨੇ 17.11.2021 ਅਤੇ 01.12.2021 ਨੂੰ ਹੋਈ ਮੀਟਿੰਗ ਵਿਚ ਪਾਵਰ ਜੇਈਜ਼ ਦੀਆਂ ਉੱਚ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ 19,260 ਰੁਪਏ ਦੀ ਮੁੱਢਲੀ ਤਨਖ਼ਾਹ ਦੇਣ ਦੀ ਸਹਿਮਤੀ ਦਿੱਤੀ ਸੀ ਪਰ ਇਹ ਫ਼ੈਸਲਾ ਲਾਗੂ ਕਰਨਾ ਅਜੇ ਬਾਕੀ ਹੈ।