ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਸਤੰਬਰ
ਤਨਖਾਹ ਕਮਿਸ਼ਨ ਦੀ ਰਿਪੋਰਟ ’ਚ ਸੋਧਾਂ ਅਤੇ ਬੰਦ ਕੀਤੇ ਭੱਤਿਆਂ ਦੀ ਬਹਾਲੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਹਜ਼ਾਰਾਂ ਇੰਜੀਨੀਅਰਾਂ ਨੇ ‘ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ’ ਦੇ ਸੂਬਾਈ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਦੀ ਅਗਵਾਈ ਹੇਠ ਅੱਜ ਇਥੇ ਵਿਸ਼ਾਲ ਰੈਲੀ ਕੀਤੀ। ਇਸ ਮਗਰੋਂ ਇਨ੍ਹਾਂ ਇੰਜੀਨੀਅਰਾਂ ਨੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਵੀ ਕੱਢਿਆ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ 14 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਨ ਮੀਟਿੰਗ ਤੈਅ ਕਰਵਾਉਣ ਕਰਕੇ ਉਨ੍ਹਾਂ ਇਹ ਮਾਰਚ ਨਿਰਧਾਰਤ ਥਾਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ। ਇਸ ਤੋਂ ਪਹਿਲਾਂ ਇਨ੍ਹਾਂ ਇੰਜੀਨੀਅਰਾਂ ਨੇ ਪਾਵਰਕੌਮ ਦੇ ਸੂਬਾਈ ਦਫਤਰ ਅੱਗੇ ਵੀ ਰੋਸ ਮੁਜ਼ਾਹਰਾ ਕੀਤਾ ਤੇ ਕੁਝ ਦੇਰ ਲਈ ਫੁਹਾਰਾ ਚੌਕ ’ਤੇ ਜਾਮ ਰੱਖਿਆ।
ਅਨਾਜ ਮੰਡੀ ਵਿੱਚ ਕੌਂਸਲ ਦੇ ਚੇਅਰਮੈਨ ਸੁਖਮਿੰਦਰ ਲਵਲੀ, ਪਰਮਜੀਤ ਖੱਟੜਾ, ਦਵਿੰਦਰ ਸੇਖੋਂ, ਕਰਮਜੀਤ ਬੀਹਲਾ, ਕਮਰਜੀਤ ਮਾਨ, ਸਤਨਾਮ ਸਿੱਧੂ, ਭੁਪਿੰਦਰ ਸੋਮਲ ਆਦਿ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਜਲਦੀ ਨਿਪਟਾਰਾ ਨਾ ਹੋਇਆ ਤਾਂ 15 ਸਤੰਬਰ ਨੂੰ ਸਮੂਹ ਜ਼ਿਲ੍ਹਾ ਹੈੱਡ ਕੁਆਟਰਾਂ ’ਤੇ 51 ਮੈਂਬਰੀ ਜਥੇ ਭੁੱਖ ਹੜਤਾਨ ’ਤੇ ਬੈਠਣਗੇ। ਕੌਂਸਲ ਦੇ ਬੁਲਾਰੇ ਕਰਮਜੀਤ ਮਾਨ ਤੇ ਕਰਮਜੀਤ ਬੀਹਲਾ ਨੇ ਦੱਸਿਆ ਕਿ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਪਰਮਜੀਤ ਖੱਟੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਪਾਵਰ ਜੂਨੀਅਰ ਇੰਜੀਨੀਅਰਾਂ ਅਤੇ ਆਲ ਇੰਡੀਆ ਫੈਡਰੇਸ਼ਨ ਆਫ਼ ਡਿਪਲੋਮਾ ਇੰਜੀਨੀਅਰਜ਼ ਨੇ ਵੀ ਸ਼ਮੂਲੀਅਤ ਕੀਤੀ। ਐਕਸੀਅਨ ਕੁਲਜਿੰਦਰ ਸਿੰਘ ਭੰਗੂ ਦਾ ਕਹਿਣਾ ਸੀ ਕਿ ਅੱਜ ਦੀ ਰੈਲੀ ਇਤਿਹਾਸਕ ਰਹੀ। ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਸਤਨਾਮ ਧਨੋਆ ਤੇ ਭੁਪਿੰਦਰ ਸੋਮਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ।