ਖੇਤਰੀ ਪ੍ਰਤੀਨਿਧ
ਪਟਿਆਲਾ, 8 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਊਰਜਾ ਵਿਕਾਸ ਵਿਭਾਗ, ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਿਸਾਨਾਂ ਲਈ ਇਕ ਰੋਜ਼ਾ ਊਰਜਾ ਅਤੇ ਪਾਣੀ ਸੰਭਾਲ ਸਬੰਧੀ ਸਿਖਲਾਈ ਕੋਰਸ ਕੇਵੀਕੇ. ਰੌਣੀ ਵਿੱਚ ਕਰਵਾਇਆ ਗਿਆ। ਮਾਹਿਰਾਂ ਦਾ ਸਵਾਗਤ ਕਰਦਿਆਂ, ਕੇਵੀਕੇ ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਨੇ ਕਿਸਾਨਾਂ ਨੂੰ ਊਰਜਾ ਅਤੇ ਪਾਣੀ ਦੀ ਬਚਤ ਬਾਰੇ ਜਾਣੂ ਕਰਵਾਇਆ। ਭੂਮੀ ਅਤੇ ਪਾਣੀ ਇੰਜਨੀਅਰਿੰਗ, ਪੀਏਯੂ ਤੋਂ ਪੁੱਜੇ ਮਾਹਿਰ ਡਾ. ਸੁਨੀਲ ਗਰਗ ਨੇ ਕਿਸਾਨਾਂ ਨੂੰ ਤੁਪਕਾ ਸਿੰਚਾਈ ਦੀ ਵੱਖ-ਵੱਖ ਫ਼ਸਲਾਂ ਵਿਚ ਵਰਤੋਂ, ਸੋਲਰ ਪੰਪ ਦੀ ਸਹੀ ਚੋਣ ਅਤੇ ਸਹੀ ਊਰਜਾ ਕੁਸ਼ਲਤਾ ਦੇ ਪੰਪਾਂ ਦੀ ਵਰਤੋਂ ਨਾਲ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਦੱਸਿਆ। ਡਾ. ਮਨਪ੍ਰੀਤ ਸਿੰਘ ਨੇ ਸੂਰਜੀ ਊਰਜਾ ਦੀ ਵੱਖ-ਵੱਖ ਉਪਕਰਨਾਂ ਵਿਚ ਵਰਤੋਂ ਬਾਰੇ ਦੱਸਿਆ। ਫਾਰਮ ਸਲਾਹਕਾਰ ਕੇਂਦਰ ਤੋਂ ਡਾ. ਗੁਰਪ੍ਰੀਤ ਸਿੰਘ ਨੇ ਫ਼ਸਲਾਂ ਵਿਚ ਪਾਣੀ ਨੂੰ ਬਚਾਉਣ ਦੇ ਨੁਕਤਿਆਂ ਬਾਰੇ ਦੱਸਿਆ। ਡਾ. ਰਜਨੀ ਗੋਇਲ, ਡਾ. ਰਚਨਾ ਸਿੰਗਲਾ, ਡਾ. ਪਰਮਿੰਦਰ ਸਿੰਘ, ਡਾ. ਜਸ਼ਨਜੋਤ ਕੌਰ ਨੇ ਖੇਤੀ ਵਿਸ਼ਿਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਅਖੀਰ ਵਿਚ ਡਾ. ਰਚਨਾ ਸਿੰਗਲਾ ਨੇ ਕਿਸਾਨਾਂ ਨੂੰ ਕੇਵੀਕੇ ਦੀ ਇਮਾਰਤ ਵਿਚ ਸੂਰਜੀ ਊਰਜਾ ਦੀ ਵਰਤੋਂ ਦਿਖਾਈ ਅਤੇ ਛੱਤਾਂ ਰਾਹੀਂ ਮੀਂਹ ਵਾਲੇ ਪਾਣੀ ਨੂੰ ਜ਼ਮੀਨ ਵਿਚ ਨਿਗਾਰਣ ਵਾਲਾ ਯੂਨਿਟ ਦਿਖਾ ਕੇ ਜਾਗਰੂਕ ਕੀਤਾ।