ਰਵੇਲ ਸਿੰਘ ਭਿੰਡਰ
ਪਟਿਆਲਾ, 13 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੀਐੱਸ ਘੁੰਮਣ ਨੇ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਤੇਗ਼ ਬਹਾਦਰ ਦੀ ਬਾਣੀ ਦੇ ਆਡੀਓ ਤੇ ਵੀਡੀਓ ਟਰੈਕ ਜਾਰੀ ਕੀਤੇ ਜਾਣਗੇ। ਡਾ. ਘੁੰਮਣ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੀ ਲੜੀ ਹੇਠ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਕਰਵਾਏ ਗਏ ਦੋ ਰੋਜ਼ਾ ਕੌਮਾਂਤਰੀ ਵੈਬਿਨਾਰ ਦੀ ਸਮਾਪਤੀ ਮੌਕੇ ਸੰਬੋਧਨ ਕਰ ਰਹੇ ਸਨ।
ਕੋਵਿਡ ਕਰਕੇ ਆਨਲਾਇਨ ਕਰਵਾਏ ਗਏ ਇਸ ਵੈਬਿਨਾਰ ’ਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਅਤੇ ਗੁਰਮਤਿ ਸੰਗੀਤ ਪਰਿਪੇਖ ਵਿਸ਼ੇ ’ਤੇ ਵਿਸ਼ੇਸ਼ ਚਰਚਾ ਹੋਈ। ਇਸ ਦੌਰਾਨ ਵੱਖ-ਵੱਖ ਗਿਆਨ ਧਾਰਾਵਾਂ ਦੇ ਨਾਲ ਸੰਬੰਧਿਤ ਵਿਦਵਾਨਾਂ ਨੇ ਭਾਗ ਲਿਆ।
ਪਦਮਸ਼੍ਰੀ ਸੁਰਿੰਦਰ ਸਿੰਘ ‘ਸਿੰਘ ਬੰਧੂ’ ਨੇ ਦੋਵੇਂ ਦਿਨ ਵੈਬਿਨਾਰ ਦੀ ਪ੍ਰਧਾਨਗੀ ਕੀਤੀ। ਕੈਨੇਡਾ ਤੋਂ ਡਾ. ਜਸਵੰਤ ਸਿੰਘ ਨੇ ਗੁਰਬਾਣੀ ਦੇ ਪ੍ਰਸੰਗ ਵਿੱਚ ਰਾਗਾਂ ਅਤੇ ਗੁਰੂ ਤੇਗ਼ ਬਹਾਦਰ ਬਾਣੀ ਦੇ ਸਬੰਧਾਂ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ। ਡਾ. ਹਰਵਿੰਦਰ ਸਿੰਘ ਨੇ ਗੁਰਬਾਣੀ ਦੇ ਮਨੁੱਖੀ ਜੀਵਨ ’ਤੇ ਪ੍ਰਭਾਵ ਨੂੰ ਪੇਸ਼ ਕੀਤਾ।
ਹੈੱਡ ਐਨਸਾਈਕਲੋਪੀਡੀਆ ਡਾ. ਪਰਮਵੀਰ ਸਿੰਘ ਨੇ ਅਕਾਲ ਪੁਰਖ ਨਾਲ ਜੁੜਨ ਵਿਚ ਮਨੁੱਖ ਨੂੰ ਸੰਬੋਧਿਤ ਕਰਦੇ ਹੋਏ ਕਈ ਬਾਣੀ ਹਵਾਲੇ ਦਿੱਤੇ।
ਡਾ. ਏਪੀ ਸਿੰਘ ਰਿਦਮ ਨੇ ਗੁਰਮਤਿ ਸੰਗੀਤ ਦੇ ਰਵਾਇਤੀ ਸਾਜ਼ਾਂ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਦੀ ਰਾਗਾਤਮਿਕ ਪ੍ਰਸਤੁਤੀ ਦਿੱਤੀ। ਡਾਇਰੈਕਟਰ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਪ੍ਰੋ. ਕਰਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਗੁਰੂ ਤੇਗ਼ ਬਹਾਦਰ ਬਾਣੀ ਦੀਆਂ ਸ਼ਬਦ ਰਚਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਕਾਲਕਾ ਨੇ ਪਰੰਪਰਾ ਦੇ ਰਵਾਇਤੀ ਕੀਰਤਨਕਾਰਾਂ ਦੁਆਰਾ ਗੁਰੂ ਤੇਗ਼ ਬਹਾਦਰ ਬਾਣੀ ਗਾਉਣ ਦੇ ਢੰਗ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੁਖੀ ਗੁਰੂ ਗੋਬਿੰਦ ਸਿੰਘ ਚੇਅਰ ਡਾ. ਗੁਰਮੀਤ ਸਿੰਘ ਸਿੱਧੂ ਨੇ ਵੀ ਗੁਰੂ ਦੀ ਰਾਗ ਮੁਕਤ ਬਾਣੀ ਵਿੱਚ ਸੰਗੀਤ ਤੱਤਾਂ ਦੀ ਭੂਮਿਕਾ ਦਾ ਉਦਾਹਰਨ ਦਿੱਤਾ।
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕੌਮੀ ਵੈਬਿਨਾਰ
ਖ਼ਾਲਸਾ ਕਾਲਜ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਅਤੇ ਕਿਰਤ ਕਲੱਬ ਵੱਲੋਂ ਅੱਜ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕੌਮੀ ਵੈਬਿਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਧਰਮ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਪ੍ਰੋ. ਜਗਦੀਸ਼ ਸਿੰਘ ਡਾਇਰੈਕਟਰ ਨਾਦ ਪ੍ਰਗਾਸ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਜੋ ਵੈਰਾਗ ਦਾ ਸੰਕਲਪ ਆਉਂਦਾ ਹੈ, ਉਸ ਵੈਰਾਗ ਦਾ ਮਤਲਬ ਜ਼ਿੰਦਗੀ ਤੋਂ ਭੱਜਣਾ ਜਾਂ ਗ੍ਰਹਿਸਤ ਦਾ ਤਿਆਗ ਨਹੀਂ ਹੈ। ਸਗੋਂ ਇਹ ਵੈਰਾਗ ਜੀਵਨ ਦੇ ਦਰਦ ’ਚੋਂ ਜਾਗੀ ਹੋਈ ਅਜਿਹੀ ਅਵਸਥਾ ਹੈ, ਜੋ ਕਿ ਜੋ ਧਰਤੀ ਦੇ ਸਮੁੱਚੇ ਜੀਵਨ ਨੂੰ ਉਸ ਦੀ ਅਸਲ ਪੁਜ਼ੀਸ਼ਨ ਵਿੱਚ ਦੇਖਣ ਦੀ ਪ੍ਰਬਲ ਤਾਂਘ ਰੱਖਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਸ ਵੈਬਿਨਾਰ ਦਾ ਮਕਸਦ ਅਕਾਦਮਿਕ ਪੱਧਰ ’ਤੇ ਆਪਣੀ ਪਰੰਪਰਾ ਦੇ ਸੱਚ ਨੂੰ ਚਰਚਾ ਵਿੱਚ ਲਿਆਉਣਾ ਅਤੇ ਅਕਾਦਮਿਕ ਪੱਧਰ ਦੀ ਚਰਚਾ ਵਿੱਚ ਆਪਣੀ ਭਰਪੂਰ ਹਾਜ਼ਰੀ ਲਗਵਾਉਣਾ ਹੈ।