ਪੱਤਰ ਪ੍ਰੇਰਕ
ਪਟਿਆਲਾ, 26 ਜੂਨ
ਹਾਲ ਹੀ ਦੌਰਾਨ ਯੂ.ਪੀ.ਐੱਸ.ਸੀ. ਦੇ ਵਕਾਰੀ ਇਮਤਿਹਾਨ ਨੂੰ ਪਾਸ ਕਰਕੇ ਭਾਰਤ ਭਰ ’ਚ 47ਵਾਂ ਰੈਂਕ ਪ੍ਰਾਪਤ ਕਰਨ ਵਾਲੇ ਪਟਿਆਲਾ ਦੇ ਨੌਜਵਾਨ ਨਮਨ ਸਿੰਗਲਾ ਨੇ ਇੱਥੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਨਮਨ ਸਿੰਗਲਾ ਨੇ ਇਨ੍ਹਾਂ ਨੌਜਵਾਨਾਂ ਨੂੰ ਯੂਪੀਐੱਸਸੀ ਅਤੇ ਪੀਸੀਐੱਸ ਦੀ ਪ੍ਰੀਖਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਨੌਜਵਾਨਾਂ ਦੇ ਵੱਖ-ਵੱਖ ਪ੍ਰਸ਼ਨਾਂ ਦੇ ਠਰ੍ਹੰਮੇ ਨਾਲ ਉੱਤਰ ਦਿੰਦਿਆਂ ਨਮਨ ਸਿੰਗਲਾ ਨੇ ਕਿਹਾ ਕਿ ਦਿਲ ਲਗਾ ਕੇ ਅਤੇ ਆਪਣਾ ਨਿਸ਼ਾਨਾ ਮਿਥ ਕੇ ਕੀਤੀ ਗਈ ਤਿਆਰੀ ਜ਼ਰੂਰ ਹੀ ਚੰਗਾ ਨਤੀਜਾ ਲਿਆਉਂਦੀ ਹੈ। ਨਮਨ ਸਿੰਗਲਾ ਨੇ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ, ਹੁਨਰ ਸਿਖਲਾਈ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਇਸ ਤੋਂ ਲਾਭ ਉਠਾਉਣ ਦਾ ਸੱਦਾ ਵੀ ਦਿੱਤਾ। ਇਸ ਕਰੀਅਰ ਟਾਕ ਵਿਚ ਵੱਖ ਵੱਖ ਕੋਚਿੰਗ ਇੰਸਟੀਚਿਊਟਸ ਸਮੇਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਪੁੱਜੇ ਕੇ ਇਸ ਦਾ ਲਾਭ ਲਿਆ। ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸਿੰਪੀ ਸਿੰਗਲਾ ਨੇ ਨਮਨ ਕੁਮਾਰ ਸਿੰਗਲਾ ਦਾ ਧੰਨਵਾਦ ਕੀਤਾ। ਨਮਨ ਸਿੰਗਲਾ ਦੇ ਪਿਤਾ ਨੀਰਜ ਸਿੰਗਲਾ ਨੇ ਵੀ ਵੀ ਆਪਣੇ ਵਿਚਾਰ ਪੇਸ਼ ਕੀਤੇ।