ਪੱਤਰ ਪ੍ਰੇਰਕ
ਰਾਜਪੁਰਾ, 10 ਅਕਤੂਬਰ
ਨਾਹਰ ਸ਼ੂਗਰ ਮਿੱਲ ਅਮਲੋਹ ਦੇ ਪ੍ਰਬੰਧਕਾਂ ਵੱਲੋਂ ਸੁਪਰਵਾਈਜ਼ਰ ਸੁਰਜੀਤ ਸਿੰਘ, ਸੁਖਦੇਵ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਇਥੋਂ ਨੇੜਲੇ ਪਿੰਡ ਹਰਪਾਲਪੁਰ ਵਿਖੇ ਗੰਨਾ ਉਤਪਾਦਕ ਕਿਸਾਨਾਂ ਦੀ ਮੀਟਿੰਗ ਕੀਤੀ ਗਈ। ਇਸ ਵਿੱਚ ਇਲਾਕੇ ਦੇ ਉਘੇ ਗੰਨਾ ਉਤਪਾਦਕ ਅਮਨਦੀਪ ਸਿੰਘ, ਮੋਹਨ ਲਾਲ, ਕਰਮਜੀਤ ਸਿੰਘ ਹਰਪਾਲਪੁਰ, ਜਗਤਾਰ ਸਿੰਘ, ਹਰਚਰਨ ਸਿੰਘ ਖਾਨਪੁਰ, ਹਰਜਿੰਦਰ ਸਿੰਘ ਕਾਮੀਂ ਕਲਾਂ ਅਤੇ ਗੁਰਮੇਲ ਸਿੰਘ ਲੋਹਸਿੰਬਲੀ ਸਮੇਤ ਵੱਡੀ ਗਿਣਤੀ ਗੰਨਾ ਉਤਪਾਦਕ ਕਿਸਾਨਾਂ ਨੇ ਭਾਗ ਲਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਨਾਹਰ ਸ਼ੂਗਰ ਮਿੱਲ ਦੇ ਕੈਨ ਮੈਨੇਜਰ ਸੁਧੀਰ ਕੁਮਾਰ ਅਤੇ ਰਾਮਵੀਰ ਰਾਣਾ ਨੇ ਕਿਸਾਨਾਂ ਨੂੰ ਗੰਨੇ ਦੀ ਅਗੇਤੀ ਕਿਸਮਾਂ ਪੀ.ਓ.ਪੀ.ਬੀ 96,96 ਅਤੇ ਸੀ.ਓ 118 ਬੀਜਣ ਲਈ ਪ੍ਰੇਰਿਆ ਅਤੇ ਗੰਨੇ ਦੀ ਬਿਜਾਈ ਚਾਰ ਫੁੱਟ ਦੀ ਵਿੱਥ ’ਤੇ ਕਰਨ ਅਤੇ ਵਿਚਾਲੇ ਬੱਚਦੀ ਜ਼ਮੀਨ ਵਿੱਚ ਸਰ੍ਹੋਂ ਦੀ ਕਾਸ਼ਤ ਕਰਨ ਲਈ ਖਾਦ ਤੇ ਦਵਾਈਆਂ ਦੀ ਵਰਤੋਂ ਮਾਹਿਰਾਂ ਦੀ ਰਾਏ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ। ਅਧਿਕਾਰੀਆਂ ਨੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਹੇਠ ਵਧੇਰੇ ਰਕਬਾ ਲਿਆਉਣ ਲਈ ਪ੍ਰੇਰਿਤ ਕਰਦਿਆਂ ਜਾਣੂ ਕਰਵਾਇਆ ਕਿ ਅਜਿਹਾ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੋ ਸਕੇਗੀ।