ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਸਤੰਬਰ
ਸਰਕਾਰ ਵੱਲੋਂ ਵਿੱਢੀ ਘਰ-ਘਰ ਰੁਜ਼ਗਾਰ ਦੇਣ ਦੀ ਮੁਹਿੰਮ ਦੇ ਤਹਿਤ ਰੁਜ਼ਗਾਰ ਵਿਭਾਗ ਵੱਲੋਂ ਅੱਜ ਇੱਥੇ ਸਰਕਾਰੀ ਮਹਿੰਦਰਾ ਕਾਲਜ ’ਚ ਲਾਏ ਰੁਜ਼ਗਾਰ ਮੇਲੇ ਦੀ ਉਸ ਵੇਲ਼ੇ ਫੂਕ ਨਿਕਲ਼ ਗਈ, ਜਦੋਂ ਪੀਐਚ.ਡੀ ਅਤੇ ਹੋਰ ਉੱਚ ਵਿਦਿਆ ਪ੍ਰਾਪਤ ਨੌਜਵਾਨ ਡਿਗਰੀਆਂ ਲੈ ਕੇ ਰੁਜ਼ਗਾਰ ਮੰਗਣ ਲਈ ਪਹੁੰਚ ਗਏ। ਰੁਜ਼ਗਾਰ ਮੇਲੇ ਦੇ ਪ੍ਰਬੰਧਕਾਂ ਦਾ ਤਰਕ ਸੀ ਕਿ ਇਸ ਮੇਲੇ ’ਚ ਉਨ੍ਹਾਂ ਦੀ ਯੋਗਤਾ ਮੁਤਾਬਕ ਨੌਕਰੀਆਂ ਨਹੀਂ ਹਨ।
ਇਹ ਨੌਜਵਾਨ ‘ਸਰਕਾਰੀ ਕਾਲਜ ਬਚਾਓ ਮੰਚ’ ਦੀ ਅਗਵਾਈ ਹੇਠ ਮੇਲੇ ’ਚ ਪੁੱਜੇ। ਇਨ੍ਹਾਂ ਵਿੱਚੋਂ ਕਈ ਯੂਨੀਵਰਸਿਟੀ ਦੇ ਖੋਜਾਰਥੀ, ਕਈ ਐਮ.ਏ ਅਤੇ ਐਮਫਿਲ ਸਨ। ਉਨ੍ਹਾਂ ਕਿਹਾ ਕਿ ਉਹ ਵੀ ਇੱਥੇ ਰੁਜ਼ਗਾਰ ਦੀ ਪ੍ਰ੍ਰ੍ਰਾਪਤੀ ਲਈ ਪਹੁੰਚੇ ਹਨ ਪਰ ਅੱਗੋਂ ਪ੍ਰਬੰਧਕਾਂ ਦਾ ਜਵਾਬ ਸੁਣ ਕੇ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਲਈ ਰੁਜ਼ਗਾਰ ਨਹੀਂ ਹੈ, ਤਾਂ ਫਿਰ ਉਹ ਐਵੇਂ ਲੋਕਾਂ, ਖ਼ਾਸ ਕਰ ਕੇ ਨੌਜਵਾਨ ਵਰਗ ਨੂੰ ਮੂਰਖ ਬਣਾਉਣ ਦੇ ਯਤਨ ਨਾ ਕਰਨ।
ਇਸ ਮੌਕੇ ’ਤੇ ਮੰਚ ਦੇ ਆਗੂ ਗੁਰਸੇਵਕ ਸਿੰਘ ਤੇ ਹੋਰਾਂ ਨੇ ਕਿਹਾ ਕਿ ਸਰਕਾਰੀ ਕਾਲਜਾਂ ਅਤੇ ਵਿਭਾਗਾਂ ’ਚ 90 ਫ਼ੀਸਦੀ ਅਸਾਮੀਆਂ ਖਾਲੀ ਹਨ। ਦੂਜੇ ਪਾਸੇ, ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਸੱਦ ਕੇ ਨੌਜਵਾਨਾਂ ਨੂੰ ਪੰਜ-ਪੰਜ ਹਜ਼ਾਰ ਮਹੀਨਾ ਤਨਖ਼ਾਹ ’ਤੇ ਨੌਕਰੀ ਦੇ ਕੇ ਉਨ੍ਹਾਂ ਦੇ ਸ਼ੋਸ਼ਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਸਹਾਇਕ ਪ੍ਰੋਫੈਸਰਾਂ ਅਤੇ ਨਾਨ-ਟੀਚਿੰਗ ਸਟਾਫ ਬਿਨਾਂ ਖਾਲੀ ਪਏ ਹਨ ਜਦੋਂਕਿ ਐੱਮ.ਫਿਲ, ਨੈੱਟ ਅਤੇ ਪੀਐੱਚ.ਡੀ ਕਰ ਕੇ ਨੌਜਵਾਨ ਬੇਰੁਜ਼ਗਾਰ ਹਨ। ਬਹੁਤ ਸਾਰੇ ਨੌਜਵਾਨ ਪ੍ਰਾਈਵੇਟ ਕਾਲਜਾਂ ਅਤੇ ਗੈਸਟ ਫੈਕਲਟੀ, ਐਡਹਾਕ ਤੇ ਨਿਗੂੁਣੀਆਂ ਤਨਖ਼ਾਹਾਂ ’ਤੇ ਪੜ੍ਹਾਉਣ ਲਈ ਮਜਬੂਰ ਹਨ। ਸਰਕਾਰੀ ਕਾਲਜਾਂ ਤੇ ਏਡਿਡ ਕਾਲਜਾਂ ਵਿੱਚ 3000 ਅਸਾਮੀਆਂ ਭਰਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਕਈ ਹੋਰ ਮਸਲੇ ਵੀ ਉਠਾਏ। ਇਸ ਮਗਰੋਂ ਉਨ੍ਹਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਰਦਸ਼ਨ ਵੀ ਕੀਤਾ। ਇਸ ਮੌਕੇ ਡਾ. ਬਲਵਿੰਦਰ ਚਹਿਲ, ਮਨਪ੍ਰੀਤ ਜੱਸ, ਗੁਰਸੇਵਕ ਸਿੰਘ, ਰਵੀਦਿੱਤ ਕੰਗ, ਅਮਨ, ਸੰਦੀਪ, ਹਰਜਿੰਦਰ ਆਦਿ ਵੀ ਮੌਜੂਦ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਜ਼ਿਲ੍ਹਾ ਰੁਜ਼ਗਾਰ ਵਿਭਾਗ ਵੱਲੋਂ ਘਰ-ਘਰ ਨੌਕਰੀ ਦੇਣ ਤਹਿਤ ਰੁਜ਼ਗਾਰ ਮੇਲਾ ਲਾਇਆ ਗਿਆ। ਇਸ ਦੌਰਾਨ ਸਥਿਤੀ ਉਸ ਗੰਭੀਰ ਹੋ ਗਈ ਜਦੋਂ ਜੀਪੀਐਫ ਕੰਪਲੈਕਸ ’ਚ ਲਾਏ 6ਵੇਂ ਰੁਜ਼ਗਾਰ ਮੇਲੇ ’ਚ ਦੋ ਦਰਜਨ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੇ ਮੇਲੇ ’ਚ ਅੰਦਰ ਜਾ ਕੇ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਮੇਲੇ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਇੱਕ ਪਾਸੇ ਰੁਜ਼ਗਾਰ ਲਈ ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰਾਂ ਨੂੰ ਪੁਲੀਸ ਵੱਲੋਂ ਡਾਂਗਾ ਨਾਲ ਕੁੱਟਿਆ ਜਾ ਰਿਹਾ ਹੈ ਦੁੂਜੇ ਪਾਸੇ, ਪੂਰੀ ਯੋਗਤਾ ਰੱਖਣ ਵਾਲਿਆਂ ਨੂੰ ਨਿੱਜੀ ਕੰਪਨੀ ’ਚ ਘੱਟ ਉਜਰਤ ਦੇ ਕੇ ਰੁਜ਼ਗਾਰ ਮੇਲਿਆਂ ਰਾਹੀਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਲਹਿਰਾਗਾਗਾ ਦਾ ਰੁਜ਼ਗਾਰ ਮੇਲੇ ’ਚ 1400 ਤੋਂ ਵੱਧ ਨੌਜਵਾਨਾਂ ਦੀ ਚੋਣ
ਰੁਜ਼ਗਾਰ ਮੇਲੇ ’ਚ ਲਹਿਰਾਗਾਗਾ, ਮੂਨਕ ਤੇ ਖਨੌਰੀ ਇਲਾਕੇ ਦੇ ਕਰੀਬ 3251 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਐੱਸਡੀਐੱਮ ਨਵਰੀਤ ਕੌਰ ਸੇਖੋ, ਤਹਿਸੀਲਦਰ ਸੁਰਿੰਦਰ ਸਿੰੰਘ, ਜ਼ਿਲ੍ਹਾ ਰੁਜਗਾਰ ਅਫਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਵੀਹ ਕੰਪਨੀਆਂ ਨੇ 1400 ਤੋਂ ਵੱਧ ਦੀ ਨੌਕਰੀ ਲਈ ਚੋਣ ਕੀਤੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਵੋਟ ਬਣਾਉਣ, ਸਰਕਾਰ ਵੱਲੋਂ ਕੋਚਿੰਗ ਦੇਣ ਬਾਰੇ ਵੀ ਜਾਗਰੂਕ ਕੀਤਾ ਗਿਆ।