ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਅੱਜ ਇੱਥੇ ਰਾਜਿੰਦਰਾ ਹਸਪਤਾਲ ’ਚ ਘੜਾ ਭੰਨ ਰੈਲੀ ਕੀਤੀ ਗਈ। ਇਸ ਮੌਕੇ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਬ੍ਰਾਂਚ ਸਰਕਾਰੀ ਮੈਡੀਕਲ/ਡੈਂਟਲ ਕਾਲਜ ਤੇ ਰਜਿੰਦਰਾ ਹਸਪਤਾਲ/ਟੀ.ਬੀ.ਹਸਪਤਾਲ ਦੇ ਪ੍ਰਧਾਨ ਰਾਮ ਕਿਸ਼ਨ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਬੈਂਕ ਦੇ ਉਦਘਾਟਨ ਲਈ ਮੰਗਲ਼ਵਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ਼ ਅਤੇ ਮੈਡੀਕਲ ਕਾਲਜ ਪਟਿਆਲਾ ਵਿਚ ਆ ਰਹੇ ਪੰਜਾਬ ਦੇ ਮੈਡੀਕਲ ਖੋਜ ਤੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਹਸਪਤਾਲ ਤੇ ਕਾਲਜ ਨਾਲ ਸਬੰਧਿਤ ਮੁਲਾਜ਼ਮਾਂ ਵੱਲੋਂ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ। ਅਜਿਹੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਹੋਣ ਵਾਲ਼ੇ ਮੁਲਾਜ਼ਮਾਂ ’ਤੇ ਕੇਂਦਰ ਦੀ ਤਰਜ਼ ’ਤੇ ਤਨਖਾਹ ਸਕੇਲ ਲਾਗੂ ਕਰਨ ਦੇ ਲਏ ਗਏ ਫ਼ੈਸਲੇ ਦੇ ਮੱਦੇਨਜ਼ਰ ਕੀਤੀ ਜਾਵੇਗੀ।
ਪ੍ਰਧਾਨ ਰਾਮ ਕਿਸ਼ਨ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਘੜਾ ਭੰਨ ਰੈਲੀਆਂ 26 ਜੁਲਾਈ ਤੱਕ ਰੋਜ਼ਾਨਾ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਗੂ ਨੇ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮਾਮਲਾ ਬਾਬਾ ਫਰੀਦ ਯੂਨੀਵਰਸਿਟੀ ਹਵਾਲੇ ਕਰਨ ਅਤੇ ਇਸ ਤੋਂ ਪਹਿਲਾਂ 100 ਨੰਬਰਾਂ ਦਾ ਪ੍ਰੋਫਾਰਮਾ ਭਰਨ ਵਰਗੀਆਂ ਸ਼ਰਤਾਂ ਦਾ ਵਿਰੋਧ ਕੀਤਾ ਤੇ ਮੰਗ ਕੀਤੀ ਕਿ ਰੈਗੂਲਰ ਕਰਨ ਦਾ ਮਾਮਲਾ ਜਿਸ ਯੂਨੀਵਰਸਿਟੀ ਦੇ ਘੇਰੇ ਵਿੱਚ ਕੱਢ ਕੇ 2016 ਵਿਚ ਜਿਸ ਤਰ੍ਹਾਂ ਨਰਸਿੰਗ ਸਟਾਫ ਨੂੰ ਰੈਗੂਲਰ ਕੀਤਾ ਗਿਆ ਸੀ, ਉਸ ਅਧਾਰ ’ਤੇ ਕਰਮਚਾਰੀਆਂ ਨੂੰ ਵੀ ਰੈਗੂਲਰ ਕੀਤਾ ਜਾਵੇ, ਜੇ ਨਹੀਂ ਕੀਤਾ ਜਾਂਦਾ, ਤਾਂ ਸਾਰੇ ਕਰਮਚਾਰੀ ਕੰਮ ਛੋੜ ਹੜਤਾਲ ’ਤੇ ਚਲੇ ਜਾਣਗੇ।
ਨਾਭਾ (ਹਰਵਿੰਦਰ ਕੌਰ ਨੌਹਰਾ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ 20 ਤੋਂ 25 ਜੁਲਾਈ ਤੱਕ ਹਫ਼ਤਾਵਾਰੀ ਰੋਸ ਐਕਸ਼ਨ ਜ਼ਿਲ੍ਹਾ ਅਤੇ ਤਹਿਸੀਲ ਸਦਰ ਮੁਕਾਮਾਂ ਤੋਂ ਘੜੇ ਭੰਨ ਕੇ ਸ਼ੁਰੂ ਕੀਤੇ ਗਏ ਅਤੇ ਵਿੱਤ ਵਿਭਾਗ ਪੰਜਾਬ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਿਧਾਨ ਸਭਾ ਹਲਕਾ ਨਾਭਾ ਵਿਚ ਸਥਿਤ ਨਿੱਜੀ ਰਿਹਾਇਸ਼ ਨੇੜੇ ਮੁਲਾਜ਼ਮਾਂ ਵੱਲੋਂ ਪੰਜ-ਪੰਜ ਦੇ ਗਰੁੱਪ ਵਿੱਚ ਇਕੱਤਰ ਹੋ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਪੰਜ-ਪੰਜ ਘੜੇ ਭੰਨੇ ਅਤੇ ਵਿੱਤ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਮੁਲਾਜ਼ਮਾਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਜਗਮੋਹਨ ਸਿੰਘ ਨੌਲੱਖਾ, ਸੋਹਣ ਸਿੰਘ ਸਿੱਧੂ ਜਨਰਲ ਸਕੱਤਰ ਟੀਯੂਸੀ ਨਾਭਾ ਨੇ ਕਿਹਾ ਕਿ ਐਲਾਨ ਕੀਤਾ ਕਿ ਰੋਸ ਹਫ਼ਤੇ ਵਜੋਂ 25 ਜੁਲਾਈ ਤੱਕ ਘੜੇ ਭੰਨ ਐਕਸ਼ਨ ਕੀਤੇ ਜਾਣਗੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸਾਂਝੇ ਫਰੰਟ ਦੇ ਫ਼ੈਸਲੇ ਮੁਤਾਬਕ ਅੱਜ ਮੁਲਾਜ਼ਮਾਂ ਨੇ ਵਿਭਾਗਾਂ ਦੀ ਮੁੜ ਬਣਤਰ ਦੇ ਨਾਂ ‘ਤੇ ਰੈਗੂਲਰ ਆਸਾਮੀਆਂ ਖ਼ਤਮ ਕਰਨ ਤੇ ਪੰਜਾਬ ਦੇ ਮੁਲਾਜ਼ਮਾਂ ‘ਤੇ ਕੇਂਦਰੀ ਤਨਖ਼ਾਹ ਢਾਂਚਾ ਲਾਗੂ ਕਰਨ ਵਿਰੁੱਧ ਘੜਾ ਭੰਨ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਪੁਨਰਗਠਨ ਯੋਜਨਾ ਤਹਿਤ ਜਲ ਸਰੋਤ ਵਿਭਾਗ ਵਿੱਚੋਂ ਮੁਲਾਜ਼ਮਾਂ ਦੀਆਂ 8657 ਅਸਾਮੀਆਂ ਅਤੇ ਖੇਤੀਬਾੜੀ ਵਿਭਾਗ ਦੀਆਂ 2259 ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵੀਂ ਭਰਤੀ ਕੇਂਦਰੀ ਤਨਖ਼ਾਹ ਸਕੇਲਾਂ ਵਿੱਚ ਕਰਨ ਦਾ ਮਾਰੂ ਫ਼ੈਸਲਾ ਕਰ ਦਿੱਤਾ ਹੈ।