ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਪਰੈਲ
ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਮੁਲਾਜ਼ਮਾਂ ਵੱਲੋਂ 6 ਅਪਰੈਲ ਨੂੰ ਪੰਜਾਬ ਭਰ ’ਚ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਜਿਸ ਦੌਰਾਨ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨਾ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। ਇਸ ਸਬੰਧੀ ਅੱਜ ਇਥੇ ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਆਗੂ ਜਗਜੀਤ ਸਿੰਘ ਦੂਆ ਦੀ ਅਗਵਾਈ ਹੇਠਾਂ ਮੀਟਿੰਗ ਹੋਈ। ਐਲਾਨ ਕੀਤਾ ਗਿਆ ਕਿ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਵਾਧੇ ਵਿਰੁੱਧ 6 ਅਪਰੈਲ ਨੂੰ ਪੰਜਾਬ ਸਮੇਤ ਚੰਡੀਗੜ੍ਹ ’ਚ ਵੀ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਪਟਿਆਲਾ ਵਿੱਚ ਡੀ. ਸੀ. ਦਫ਼ਤਰ ਦੇ ਬਾਹਰ ਰੈਲੀ ਕਰਕੇ ਅਰਥੀ ਤੇ ਨੋਟੀਫ਼ਿਕੇਸ਼ਨਾਂ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ।
ਇਸ ਮੀਟਿੰਗ ’ਚ ਫਰੰਟ ਦੇ ਪ੍ਰਮੁੱਖ ਸੂਬਾਈ ਆਗੂਆਂ ਸਤੀਸ਼ ਰਾਣਾ, ਗੁਰਮੀਤ ਵਾਲੀਆ, ਖੁਸ਼ਿਵੰਦਰ ਕਪਿਲਾ, ਬਚਿੱਤਰ ਸਿੰਘ, ਦਰਸ਼ਨ ਬੇਲੂਮਾਜਰਾ, ਗੁਰਦੀਪ ਵਾਲੀਆ, ਜਗਮੋਹਨ ਨੌਲੱਖਾ, ਸੰਤੋਖ ਬੋਪਾਰਾਏ, ਵੇਦ ਪ੍ਰਕਾਸ਼ ਸਿੰਗਲਾ, ਪਰਮਜੀਤ ਮੱਗੋ, ਮਨਜੀਤ ਮਜੀਠੀਆ, ਐੱਚਐੱਸਗਿੱਲ, ਟੋਨੀ ਬਾਗਰੀਆ, ਗੁਰਪ੍ਰੀਤ ਪਨੇਸਰ, ਲਵਜੀਤ ਵਾਲੀਆ, ਸੁਖਵਿੰਦਰ ਸੈਣੀ ਤੇ ਜਸਵਰ ਖੋਖਰ ਆਦਿ ਨੇ ਸ਼ਿਰਕਤ ਕੀਤੀ। ਬਿਆਨ ਜਾਰੀ ਕਰਦਿਆਂ, ਗੁਰਮੀਤ ਵਾਲੀਆ ਤੇ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਮੁਜ਼ਾਹਰਿਆਂ ਸਬੰਧੀ ਪੰਜਾਬ ਭਰ ਦੇ ਮੁਲਾਜ਼ਮਾਂ ’ਚ ਭਾਰੀ ਉਤਸ਼ਾਹ ਹੈ। ਕਿਉਂਕਿ ਉਹ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਗੁੱਸੇ ਨਾਲ਼ ਭਰੇ ਪੀਤੇ ਬੈਠੇ ਹਨ। ਇਸ ਮੌਕੇ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ।