ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 3 ਅਕਤੂਬਰ
ਖੇਤੀ ਕਾਨੁੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਕਾਰਕੁਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਸ਼ੰਭੂ-ਘਨੌਰ ਫਲਾਈਓਵਰ ਦੇ ਹੇਠਾਂ ਕਿਸਾਨ ਆਗੂਆਂ ਡਾ. ਦਰਸ਼ਨ ਪਾਲ ਸਿੰਘ, ਗੁਲਜਾਰ ਸਿੰਘ ਸਲੇਮਪੁਰ ਜੱਟਾਂ, ਬੂਟਾ ਸਿੰਘ ਸ਼ਾਦੀਪੁਰ, ਗੁਰਬਖਸ਼ ਸਿੰਘ ਬਲਵੇੜਾ ਅਤੇ ਸਤਨਾਮ ਸਿੰਘ ਬਹਿਰੂ ਸਣੇ ਹੋਰਨਾਂ ਦੀ ਸਾਂਝੀ ਅਗਵਾਈ ਵਿੱਚ ਰੇਲਵੇ ਲਾਈਨ ’ਤੇ ਰੇਲ ਆਵਾਜਾਈ ਠੱਪ ਕਰਕੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦੇ ਇਸ ਧਰਨੇ ਨੂੰ ਸਮਰਥਨ ਦੇਣ ਲਈ ਸਵਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨਾਲ ਸਬੰਧਤ ਮੁਲਾਜਮ ਜਥੇਬੰਦੀਆਂ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਸਿੰਘ ਖਾਨਪੁਰ ਤੇ ਗੁਰਵਿੰਦਰ ਸਿੰਘ ਖਮਾਣੋਂ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਆਖਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨੀ ਨੁੂੰ ਤਬਾਹ ਕਰਨ ਦੇ ਰਾਹ ਤੁਰ ਪਈ ਹੈ। ਇਸ ਸਰਕਾਰ ਵੱਲੋਂ ਅਡਾਨੀਆਂ, ਅੰਬਾਨੀਆਂ ਆਦਿ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਪੰਜਾਬ ਦੀ ਖੇਤੀ ਤੇ ਮੰਡੀਆਂ ਨੂੰ ਕੀਤਾ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਸਹੀ ਮੁੱਲ ਨਹੀਂ ਮਿਲ ਸਕੇਗਾ। ਖੇਤੀਬਾੜੀ ਨਾਲ ਜੁੜੇ ਰਾਜ ਦੇ ਕਿਸਾਨ, ਆੜ੍ਹਤੀ, ਮਜ਼ਦੂਰ, ਟ੍ਰਾਂਸਪੋਰਟਰ ਤੇ ਹੋਰ ਕਾਰੋਬਾਰੀਆਂ ਦਾ ਕਾਰੋਬਾਰ ਖਤਮ ਹੋ ਜਾਵੇਗਾ। ਪੰਜਾਬ ਦੀ ਖੇਤੀ ਕਾਰਪੋਰੇਟ ਘਰਾਣਿਆਂ ਕੋਲ ਚਲੀ ਜਾਵੇਗੀ ਤੇ ਕਿਸਾਨ ਮਜ਼ਦੂਰ ਬਣ ਕੇ ਰਹਿ ਜਾਣਗੇ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿੱਚ ਸ਼ਾਮਲ ਹੋਣ ਮੌਕੇ ਕਿਸਾਨ ਸੰਘਰਸ਼ ਨੁੂੰ ਹਮਾਇਤ ਦੇਣ ਦਾ ਵਿਸ਼ਵਾਸ ਦੁਆਇਆ ਤੇ ਆਖਿਆ ਕਿ ਜੇ ਪੰਜਾਬ ਦੀ ਕਿਸਾਨੀ ਨਾ ਬਚੀ ਤਾਂ ਦੇਸ਼ ਦਾ ਸਾਰਾ ਅਰਥਚਾਰਾ ਤਬਾਹ ਹੋ ਜਾਵੇਗਾ। ਇਸ ਨੂੰ ਬਚਾਉਣਾ ਹਰ ਇੱਕ ਦੇਸ਼ ਵਾਸੀ ਦਾ ਫਰਜ ਹੈ। ਮੁਲਾਜ਼ਮ ਆਪਣਾ ਫਰਜ ਸਮਝਦੇ ਹੋਏ ਕਿਸਾਨਾਂ ਦੇ ਇਸ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਕਿਸਾਨ ਸੰਘਰਸ਼ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹਨ। ਇਸ ਮੌਕੇ ਹਰੀ ਸਿੰਘ ਢੀਡਸਾਂ, ਪ੍ਰੀਤਮ ਸਿੰਘ ਡਕੋਂਦਾ, ਉਂਕਾਰ ਸਿੰਘ, ਅਮਰਨਾਥ ਨਰੜੂ, ਅਮਰਜੀਤ ਸਿੰਘ, ਨਿਰਮਲ ਸਿੰਘ ਨੈਣਾਂ ਆਦਿ ਹਾਜ਼ਰ ਸਨ।