ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਸਤੰਬਰ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਦਸ ਦਿਨਾਂ ਤੋਂ ਇੱਥੇ ਠੀਕਰੀਵਾਲਾ ਚੌਕ ’ਚ ਪੱਕਾ ਮੋਰਚਾ ਲਾ ਕੇ ਬੈਠੇ ਕੱਚੇ ਮੁਲਾਜ਼ਮਾਂ ਅੱਜ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਅੱਪੜੇ ਜਿਸ ਦੌਰਾਨ ਉਨ੍ਹਾਂ ਇੱਥੇ ਜੇਲ੍ਹ ਰੋਡ ’ਤੇ ਆਵਾਜਾਈ ਠੱਪ ਕਰਕੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਮਾਰਦਿਆਂ ਰੋਸ ਮੁਜ਼ਾਹਰਾ ਕੀਤਾ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠਾਂ ਜਾਰੀ ਇਸ ਪੱਕੇ ਮੋਰਚੇ ਵਿਚ ਪਾਵਰਕੌਮ, ਸਰਕਾਰੀ ਥਰਮਲਾਂ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਕਿਰਤ ਵਿਭਾਗ ਸਮੇਤ ਇੱਕ ਦਰਜਨ ਵਿਭਾਗਾਂ ਨਾਲ ਸਬੰਧਤ ਮੁਲਾਜ਼ਮ ਸ਼ਾਮਲ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਰਿਵਾਰਕ ਮੈਂਬਰ ਵੀ ਹਿੱਸਾ ਲੈ ਰਹੇ ਹਨ। ਅੱਜ ਦੇ ਇਸ ਧਰਨੇ ਨੂੰ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਕੁਲਦੀਪ ਬੁੱਢੇਵਾਲ, ਬਲਿਹਾਰ ਸਿੰਘ, ਗੁਰਵਿੰਦਰ ਪਨੂੰ, ਸ਼ੇਰ ਸਿੰਘ ਖੰਨਾ, ਵਰਿੰਦਰ ਬੀਬੀਵਾਲਾ ਸਮੇਤ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ। ਮੋਰਚੇ ਦੇ ਬੁਲਾਰੇ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ। ਮੋਰਚੇ ਦੇ ਆਗੂ ਵਰਿੰਦਰ ਮੋਮੀ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਉਹ ਇੱਥੇ ਹੀ ਡਟੇ ਰਹਿਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਨਿਵਾਸ ਨੂੰ ਜਾਂਦੀ ਸੜਕ ’ਤੇ ਸਥਿਤ ਠੀਕਰੀਵਾਲਾ ਬੁੱਤ ’ਤੇ ਤੰਬੂ ਗੱਡ ਕੇ ਪੱਕਾ ਮੋਰਚਾ ਲਾਇਆ ਹੋਇਆ ਹੈ।
ਪਾਵਰਕੌਮ ਦਫਤਰ ਅੱਗੇ ਐੱਸਸੀ/ਬੀਸੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
ਪਟਿਆਲਾ (ਖੇਤਰੀ ਪ੍ਰਤੀਨਿਧ): ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ (ਪਾਵਰਕੌਮ ਅਤੇ ਟਰਾਂਸਕੋ) ਵੱਲੋਂ 85ਵੀਂ ਸੰਵਿਧਾਨਕ ਸੋਧ ਲਾਗੂ ਕਰਵਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਫੈਡਰੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਦੀ ਅਗਵਾਈ ਹੇਠ ਅੱਜ ਇੱਥੇ ਪਾਵਰਕੌਮ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦਿੱਤਾ। ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਹਫਤੇ ਦਾ ਅਲਟੀਮੇਟਮ ਦਿੰਦਿਆਂ ਮੁਲਾਜ਼ਮਾਂ ਨੇ ਲਗਾਤਾਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਐੱਸਸੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਣ-ਬੁੱਝ ਕੇ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਰਗ ਨੂੰ ਹੋਰਨਾਂ ਅਦਾਰਿਆਂ ’ਚ ਵੀ ਅਜਿਹੇ ਪੱਖਪਾਤੀ ਰਵੱਈਏ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਡੇਢ ਮਹੀਨਾ ਪ੍ਰਦਰਸ਼ਨ ਕਰਨ ਮਗਰੋਂ ਮੈਨੇਜਮੈਂਟ ਵੱਲੋਂ ਰਾਖਵਾਂਕਰਨ ਨੀਤੀ ਸਬੰਧੀ ਸਮੱਸਿਆਵਾਂ ਦੇ ਲਟਕਦੇ ਕੇਸਾਂ ਨੂੰ ਇੱਕ ਮਹੀਨੇ ’ਚ ਨਬਿੇੜਨ ਲਈ 23 ਜੁਲਾਈ ਨੂੰ ਕਮੇਟੀ ਗਠਿਤ ਕੀਤੀ ਸੀ ਪਰ ਪੌਣੇ ਦੋ ਮਹੀਨਿਆਂ ਮਗਰੋਂ ਵੀ ਇਸ ਕਮੇਟੀ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੀਨੀਆਰਤਾ ਤੇ ਮੈਰਿਟ ਅਨੁਸਾਰ ਪਦਉੱਨਤ ਅਧਿਕਾਰੀਆਂ ਨੂੰ ਰਾਖਵੇਂ ਕੋਟੇ ਵਿਰੁੱਧ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅਜਿਹੇ ਹੀ ਕਈ ਹੋਰ ਮਾਮਲੇ ਵੀ ਉਭਾਰੇ। ਇਸ ਮੌਕੇ ਰਾਜ ਕੁਮਾਰ, ਪਵਿੱਤਰ ਨੌਲੱਖਾ, ਹਰਬੰਸ ਸਿੰਘ ਗੁਰੂ, ਵਰਿੰਦਰ ਸਿੰਘ, ਆਰਐੱਸ ਬੰਗੜ, ਗੁਰਮੁਖ ਰੁੜਕੀ, ਨਾਰੰਗ ਭਾਰਤੀ, ਮੰਗਤ ਗਿੱਲ, ਜਸਵੀਰ ਪੇਸੀਆਂ, ਅਮਰੀਕ ਸਿੰਘ, ਕੁਲਦੀਪ ਸਕਰਾਲੀ, ਨਰਿੰਦਰ ਕਲਸੀ, ਹਰਜੀਤ ਸਿੰਘ, ਸ਼ਿਵੰਦਰ ਸਿੰਘ, ਨਾਇਬ ਸਿੰਘ, ਉਜਵਨ ਸੌਦਾਂ, ਮਨਦੀਪ ਕੌਰ, ਦਰਸ਼ਨ ਕੌਰ, ਕੁਲਵਿੰਦਰ ਕੌਰ, ਅੰਗਰੇਜ਼ ਕੌਰ, ਰਮੇਸ਼ ਕੁਮਾਰ, ਨਾਇਬ ਸਿੰਘ ਤੇ ਕੁਲਦੀਪ ਕੈਂਥ ਮੌਜੂਦ ਸਨ।