ਪੱਤਰ ਪ੍ਰੇਰਕ
ਦੇਵੀਗੜ੍ਹ, 23 ਮਈ
ਥਾਣਾ ਜੁਲਕਾਂ ਅਧੀਨ ਕਸਬਾ ਦੇਵੀਗੜ੍ਹ ਵਿੱਚ ਇੱਕ ਮੀਟ ਦੀ ਦੁਕਾਨ ’ਤੇ ਕੰਮ ਕਰਦੇ ਮੁਲਾਜ਼ਮ ਦੀ ਕੁੱਟਮਾਰ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਰੁਣ ਪੁੱਤਰ ਸ਼ਿੰਦਾ ਵਾਸੀ ਮੁਹੱਲਾ ਭੀਮ ਨਗਰ, ਲਾਹੌਰੀ ਗੇਟ ਪਟਿਆਲਾ ਨੇ ਥਾਣਾ ਜੁਲਕਾਂ ਪਾਸ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਸਬਾ ਦੇਵੀਗੜ੍ਹ ਵਿੱਚ ਪਰਮਜੀਤ ਸਿੰਘ ਪੁੱਤਰ ਮੰਗਲ ਸਿੰਘ ਅਤੇ ਬਾਵਾ ਸਿੰਘ ਪੁੱਤਰ ਪਰਮਜੀਤ ਸਿੰਘ ਮੀਟ ਦੀ ਦੁਕਾਨ ਕਰਦੇ ਹਨ। ਉਨ੍ਹਾਂ ਕੋਲ 12 ਸਾਲ ਤੋਂ ਉਸ ਦਾ ਪਿਤਾ ਸ਼ਿੰਦਾ ਮੀਟ ਕੱਟਣ ਦਾ ਕੰਮ ਕਰਦਾ ਆ ਰਿਹਾ ਸੀ, ਪਰ 17 ਮਈ ਨੂੰ ਉਨ੍ਹਾਂ ਦਾ ਪਿਤਾ ਜਲਦੀ ਘਰ ਆ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਪਿਤਾ ਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ। ਜਦੋਂ ਉਸ ਨੇ ਸੱਟਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਪਿਓ ਪੁੱਤਰਾਂ ਪਰਮਜੀਤ ਸਿੰਘ ਤੇ ਬਾਵਾ ਸਿੰਘ ਨੇ ਕੁੱਟਮਾਰ ਕੀਤੀ ਹੈ ਕਿਉਂਕਿ ਉਹ ਆਪਣੇ ਘਰ ਜਲਦੀ ਜਾਣਾ ਚਾਹੁੰਦਾ ਸੀ ਪਰ ਮਾਲਕ ਉਸ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਸਨ।
ਵਰੁਣ ਨੇ ਦੱਸਿਆ ਕਿ ਉਸ ਦੇ ਪਿਤਾ ਸ਼ਿੰਦਾ ਦੀ ਅਗਲੇ ਦਿਨ ਮੌਤ ਹੋ ਗਈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਪਰਮਜੀਤ ਸਿੰਘ ਪੁੱਤਰ ਮੰਗਲ ਸਿੰਘ ਤੇ ਬਾਵਾ ਸਿੰਘ ਪੁੱਤਰ ਪਰਮਜੀਤ ਸਿੰਘ ਵਿਰੁੱਧ ਧਾਰਾ 304, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।