ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਕਤੂਬਰ
ਭਾਰਤੀ ਕਿਸਾਨ ਸੰਘ ਵੱਲੋਂ ਜ਼ਿਲ੍ਹੇ ਦੇ ਪਿੰਡ ਅਭੇਪੁਰ ਵਿੱਚ ਤੇ ਜੈਵਿਕ ਖਾਦ ਸਬੰਧੀ ਸੈਮੀਨਰ ਕਰਵਾਇਆ ਗਿਆ। ਇਸ ਮੌਕੇ ਕਈ ਹੋਰ ਵੱਖ ਵੱਖ ਪਹਿਲੂਆਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਸੈਮੀਨਾਰ ਦੌਰਾਨ ਭਾਰਤੀ ਕਿਸਾਨ ਸੰਘ ਇੰਡੀਆ ਦੇ ਇੰਚਾਰਜ ਭਗਵਾਨ ਕ੍ਰਿਸ਼ਨ ਮੁਰਾਰੀ ਅਤੇ ਨਾਰਥ ਜ਼ੋਨ ਇੰਡੀਆ ਦੇ ਇੰਚਾਰਜ ਚੌਧਰੀ ਸੁਰਿੰਦਰ ਸਿੰਘ, ਪੰਜਾਬ ਦੇ ਜਨਰਲ ਸਕੱਤਰ ਸੁਸ਼ੀਲਾ, ਹਰਿਆਣਾ ਇਕਾਈ ਦੇ ਇੰਚਾਰਜ ਵਿਜੈ ਗੌਡ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਅਰਵਿੰਦਰ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਦੌਰਾਨ ਆਰਗੈਨਿਕ ਤੇ ਜੈਵਿਕ ਖਾਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਤੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਵਰਤਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੌਜੂਦ ਰਹੇ ਕਿਸਾਨਾਂ ਨੇ ਭਵਿੱਖ ਵਿਚ ਆਰਗੈਨਿਕ ਤੇ ਜੈਵਿਕ ਖਾਦ ਦੀ ਵਰਤੋਂ ਕਰਨ ਦਾ ਪ੍ਰਣ ਲਿਆ। ਇਸ ਮੌਕੇ ‘ਤੇ ਗੁਰਦਰਸ਼ਨ ਸਿੰਘ ਨੂੰ ਭਾਰਤੀ ਕਿਸਾਨ ਸੰਘ ਦੀ ਸੂਬਾਈ ਇਕਾਈ ਦਾ ਸਕੱਤਰ ਵੀ ਨਿਯੁਕਤ ਕੀਤਾ ਗਿਆ। ਅੰਤ ਵਿਚ ਗੁਰਦਰਸ਼ਨ ਸਿੰਘ ਨੇ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲੈਂਦਿਆਂ ਇਸ ਮੌਕੇ ‘ਤੇ ਪਹੁੰਚੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।