ਖੇਤਰੀ ਪ੍ਰਤੀਨਿਧ
ਪਟਿਆਲਾ, 25 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਮਲਕਿੰਦਰ ਕੌਰ ਦੀ ਅਗਵਾਈ ਵਿੱਚ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਵਿਦਿਆਰਥੀਆਂ ਲਈ ‘ਕੈਨੇਡਾ ਵਿੱਚ ਪਰਵਾਸ ਅਤੇ ਲੋੜੀਂਦੀਆਂ ਜੁਗਤਾਂ’ ਵਿਸ਼ੇ ਸਬੰਧੀ ਇਹ ਲੈਕਚਰ ਡਾ. ਬਲਜਿੰਦਰ ਸਿੰਘ ਚੀਮਾ, ਸਰੀ ਬ੍ਰਿਟਿਸ਼ ਕੋਲੰਬੀਆ (ਸਰੀ ਚੈਪਟਰ ਦੇ ਮੈਂਬਰ) ਵੱਲੋਂ ਦਿੱਤਾ ਗਿਆ।
ਉਨ੍ਹਾਂ ਸਿੱਖ ਕੌਮ ਨੂੰ ਮਾਰਸ਼ਲ ਕੌਮ ਮੰਨਦਿਆਂ ਇਸ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਸਮਝਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕੈਨੇਡਾ ਦੇ ਪਰਵਾਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਆਪਣੇ ਨਿੱਜੀ ਅਨੁਭਵ ਰਾਹੀਂ ਉੱਥੋਂ ਦੇ ਸਫਲ ਵਿਕਾਸ ਮਾਡਲ ਪਿੱਛੇ ਸਖ਼ਤ ਮਿਹਨਤ ਅਤੇ ਬਹੁਦਿਸ਼ਾਵੀ ਸੋਚ ਨੂੰ ਦੱਸਿਆ। ਇਸ ਪ੍ਰੋਗਰਾਮ ਵਿੱਚ ਡਾ. ਸੁਰਜੀਤ ਭੱਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਮੰਚ ਸੰਚਾਲਨ ਡਾ. ਗੁੰਜਨਜੋਤ ਕੌਰ ਨੇ ਕੀਤਾ। ਇਸ ਮੌਕੇ ਵਿਭਾਗ ਵੱਲੋਂ ਡਾ. ਬਲਜਿੰਦਰ ਸਿੰਘ ਚੀਮਾ ਨੂੰ ਸਨਮਾਨਿਤ ਕੀਤਾ ਗਿਆ।