ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ
ਚੋਣ ਜ਼ਾਬਤਾ ਯਕੀਨੀ ਤੌਰ ’ਤੇ ਲਾਗੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਮੁੱਲ ਦੀਆਂ ਖ਼ਬਰਾਂ ਦੇ ਮਾੜੇ ਰੁਝਾਣ ਨੂੰ ਠੱਲ੍ਹਣ ਸਮੇਤ ਚੋਣ ਜ਼ਾਬਤੇ ਨਾਲ਼ ਸਬੰਧਤ ਹਰ ਮੱਦ ਲਈ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੀਆਂ ਸਾਰੀਆਂ ਗਤੀਵਿਧੀਆਂ ਚੋਣ ਜ਼ਾਬਤੇ ਤੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਨਿਰਧਾਰਤ ਨੇਮਾਂ ਅੰਦਰ ਰਹਿ ਕੇ ਹੀ ਕਰਨ ਤਾਂ ਜੋ ਕਿਸੇ ਵੀ ਧਿਰ ਨੂੰ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਲਈ ਕਾਨੂੰਨੀ ਚੋਣ ਖ਼ਰਚੇ ਦੀ ਸੀਮਾ 40 ਲੱਖ ਹੈ, ਜਿਸ ’ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ। ਪ੍ਰਚਾਰ ਲਈ ਅਗੇਤੀਆਂ ਪ੍ਰਵਾਨਗੀਆਂ ਲਾਜ਼ਮੀ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਫਾਰਮ ’ਚ ਸੋਸ਼ਲ ਮੀਡੀਆ ਖਾਤਿਆਂ ਦੀ ਵੀ ਜਾਣਕਾਰੀ ਦੇਣੀ ਵੀ ਲਾਜ਼ਮੀ ਹੋਵੇਗੀ। ਮਾਰਚ ਤੇ ਮੀਟਿੰਗਾਂ ’ਤੇ 15 ਜਨਵਰੀ ਤੱਕ ਪਾਬੰਦੀਆਂ ਹਨ, ਪਰ ਘਰ-ਘਰ ਜਾ ਕੇ ਪ੍ਰਚਾਰ ਸਮੇਤ ਵੀ 5 ਤੋਂ ਜ਼ਿਆਦਾ ਵਿਅਕਤੀ ਨਹੀਂ ਹੋਣੇ ਚਾਹੀਦੇ।
ਏਡੀਸੀ ਗੁਰਪ੍ਰੀਤ ਥਿੰਦ ਦਾ ਕਹਿਣਾ ਸੀ ਕਿ ਸਰਕਾਰੀ ਇਮਾਰਤਾਂ ਜਾਂ ਸਰਕਾਰੀ ਮਸ਼ੀਨਰੀ ‘ਤੇ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਲਾਏ ਜਾਣ ਦੀ ਮਨਾਹੀ ਹੈ। ਨਾ ਹੀ ਵਰਦੀਧਾਰੀ ਜਵਾਨਾਂ ਜਾਂ ਸੈਨਾ ਦੀ ਤਸਵੀਰ ਆਪਣੀ ਚੋਣ ਸਮਗਰੀ ’ਚ ਵਰਤੀ ਜਾ ਸਕਦੀ ਹੈ। ਕਿਸੇ ਧਾਰਮਿਕ ਅਸਥਾਨ ’ਤੇ ਵੀ ਚੋਣ ਪ੍ਰਚਾਰ ਨਾ ਕੀਤਾ ਜਾਵੇ ਅਤੇ ਨਾ ਹੀ ਧਰਮ ਜਾਤੀ ਆਦਿ ਦੇ ਨਾ ‘ਤੇ ਗ਼ਲਤ ਪ੍ਰਚਾਰ ਕੀਤਾ ਜਾਵੇ। ਏਡੀਸੀ ਗੁਰਪ੍ਰੀਤ ਥਿੰਦ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਿਯਮਾਂ ਤੇ ਦਸਤਾਵੇਜ਼ਾਂ ਦਾ ਇੱਕ-ਇੱਕ ਸੈੱਟ ਵੀ ਮੁਹੱਈਆ ਕਰਵਾਇਆ। ਇਸ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਊਂਟਸਰ, ਅਕਾਲੀ-ਬਸਪਾ ਤੋਂ ਆਕਾਸ਼ ਸ਼ਰਮਾ ਤੇ ਸੁਖਬੀਰ ਸਿੰਘ, ਆਪ ਤੋਂ ਸੁਖਦੇਵ ਸਿੰਘ, ਐਨਸੀਪੀ. ਤੋਂ ਜਸਵਿੰਦਰ ਛਾਬੜਾ, ਸ਼ਿਵ ਸੈਨਾ ਤੋਂ ਸ਼ਮਾਂ ਕਾਂਤ ਪਾਂਡੇ, ਸ਼ਿਵ ਸੈਨਾ ਹਿੰਦੁਸਤਾਨ ਤੋਂ ਰਵਿੰਦਰ ਸਿੰਗਲਾ ਆਦਿ ਹਾਜ਼ਰ ਸਨ।