ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਪਰੈਲ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਸਮੂਹ ਰਾਜਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਕਥਿਤ ਝੂਠੇ ਚੋਣ ਵਾਅਦਿਆਂ ਰਾਹੀਂ ਦਹਾਕਿਆਂ ਤੋਂ ਵੋਟਰਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਸਬਜ਼ਬਾਗ ਦਿਖਾ ਕੇ ਵੋਟਾਂ ਤਾਂ ਬਟੋਰ ਲਈਆਂ ਜਾਂਦੀਆਂ ਹਨ, ਪਰ ਬਾਅਦ ’ਚ ਚੋਣ ਮਨੋਰਥ ਪੱਤਰਾਂ ਵਿਚਲੇ ਵਾਅਦਿਆਂ ਦੀ ਪੂਰਤੀ ਨਹੀਂ ਕੀਤੀ ਜਾਂਦੀ। ਇਸ ਲਈ ਭਾਰਤੀ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਸਮੂਹ ਰਾਜਸੀ ਧਿਰਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਘੇਰੇ ਵਿੱਚ ਲਿਆ ਕੇ ਲੋਕਾਂ ਨਾਲ ਵੱਜਦੀ ਰਾਜਨੀਤਕ ਠੱਗੀ ਬੰਦ ਕਰਵਾਈ ਜਾਵੇ। ਜੇ ਕੋਈ ਰਾਜਸੀ ਪਾਰਟੀ ਆਪਣੇ ਵਾਅਦੇ ’ਤੇ ਖਰੀ ਨਹੀਂ ਉਤਰਦੀ, ਤਾਂ ਉਸ ਦੀ ਮਾਨਤਾ ਰੱਦ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਤਾਜ਼ਾ ਚੋਣ ਮਨੋਰਥ ਪੱਤਰ ਤਾਂ ਦੇਸ਼ ਦੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਤੋਂ ਵੱਧ ਕੁਝ ਨਹੀਂ ਹੈ। ਕਿਸਾਨ ਆਗੂ ਦਾ ਕਹਿਣਾ ਸੀ ਕਿ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਨੇ ਪ੍ਰਮੁੱਖ ਮੰਗਾਂ ’ਤੇ ਲਿਖਤੀ ਸਮਝੌਤਾ ਵੀ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਮੁੱਕਰ ਗਈ।
ਉਨ੍ਹਾਂ ਕਿਹਾ ਕਿ ਹੁਣ ਜਦੋਂ 13 ਫਰਵਰੀ ਨੂੰ ਕਿਸਾਨ ਇਨ੍ਹਾਂ ਵਾਅਦਿਆਂ ਅਤੇ ਮੰਗਾਂ ਨੂੰ ਯਾਦ ਕਰਵਾਉਣ ਲਈ ਦਿੱਲੀ ਜਾਣ ਲੱਗੇ ਤਾਂ ਬਾਰਡਰਾਂ ’ਤੇ ਵੱਡੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਹੀ ਇੱਕ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਕਾਰਨ ਅਤੇ ਦਰਜਨ ਤੋਂ ਵੱਧ ਦੀ ਅੱਥਰੂ ਗੈਸ ਕਾਰਨ ਉਨ੍ਹਾਂ ਦੇ ਫੇਫੜੇ ਨੁਕਸਾਨੇ ਜਾਣ ਕਾਰਨ ਮੌਤ ਹੋ ਚੁੱਕੀ ਹੈ। ਅਨੇਕਾਂ ਕਿਸਾਨ ਜ਼ਖ਼ਮੀ ਹੋਏ ਹਨ। ਇਸ ਕਰਕੇ ਅਜਿਹੇ ਚੋਣ ਮਨੋਰਥ ਪੱਤਰਾਂ ’ਤੇ ਯਕੀਨ ਕਰਨਾ ਮੁਸ਼ਕਲ ਹੈ।