ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜਨਵਰੀ
ਪਟਿਆਲਾ ਜ਼ਿਲ੍ਹੇ ’ਚ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਐੱਸ.ਐੱਸ.ਪੀ ਪਟਿਆਲਾ ਡਾ. ਸੰਦੀਪ ਕੁਮਾਰ ਗਰਗ ਨੇ ਜ਼ਿਲ੍ਹੇ ਦੇ ਸਮੂਹ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ’ ਚ ਜ਼ਿਲ੍ਹੇ ਦੇ ਸਮੂਹ ਐੱਸ.ਪੀਜ਼, ਡੀ.ਐੱਸ.ਪੀਜ਼, ਥਾਣਾ ਮੁਖੀ ਮੀਟਿੰਗ ਦੌਰਾਨ ਉਨ੍ਹਾਂ ਐੱਸ.ਪੀਜ਼, ਡੀ.ਐੱਸ.ਪੀਜ਼, ਥਾਣਾ ਮੁਖੀ ਤੇ ਚੌਕੀ ਇੰਚਾਰਜਾਂ ਸਣੇ ਵੱਖ-ਵੱਖ ਯੂਨਿਟਾਂ ਦੇ ਇੰਚਾਰਜ ਵੀ ਮੌਜੂਦ ਰਹੇ। ਜਿਨ੍ਹਾਂ ਨਾਲ ਵਿਚਾਰ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਇਸ ਲਈ ਚੋਣਾਂ ਸਬੰਧੀ ਸਮੇਂ-ਸਮੇਂ ‘ਤੇ ਆਉਂਦੀਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਪੰਜਾਬ ਦਾ ਕਾਫ਼ੀ ਖੇਤਰ ਹਰਿਆਣਾ ਨਾਲ ਲੱਗਦਾ ਹੋਣ ਦੇ ਚੱਲਦਿਆਂ, ਹਰਿਆਣਾ ਦੀ ਹੱਦ ’ਤੇ ਮਜਬੂਤੀ ਨਾਲ਼ ਇੰਟਰਸਟੇਟ ਨਾਕੇ ਲਾਉਣ ’ਤੇ ਵੀ ਜ਼ੋਰ ਦਿੱਤਾ। ਹਰਿਆਣਾ ਨਾਲ ਲਗਦੇ ਥਾਣਿਆਂ ਦੇ ਹਲਕਾ ਅਫ਼ਸਰਾਂ ਤੇ ਥਾਣਾ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ, ਪੁਲੀਸ ਮੁਖੀ ਦਾ ਕਹਿਣਾ ਸੀ ਕਿ ਗੁਆਂਢੀ ਰਾਜ ਦੇ ਥਾਣਿਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਅੰਤਰਰਾਜੀ ਨਾਕਾਬੰਦੀਆਂ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਉੱਤੇ ਕਾਬੂ ਰੱਖਿਆ ਜਾ ਸਕੇ।
ਪੁਲੀਸ ਮੁਖੀ ਨੇ ਕਿਹਾ ਕਿ ਇਸ ਖੇਤਰ ’ਚ ਨਾ ਸਿਰਫ ਮੁੱਖ ਰਸਤਿਆਂ, ਬਲਕਿ ਗੁਆਂਢੀ ਰਾਜ ਨੂੰ ਛੂੰਹਦੇ ਹਰ ਛੋਟੇ ਵੱਡੇ ਰਸਤੇ’ਤੇ ਪੁਲੀਸ ਦੀ ਤਾਇਨਾਤੀ ਤੇ ਗਸ਼ਤ ਯਕੀਨੀ ਬਣਾਈ ਜਾਵੇ। ਪਟਿਆਲਾ ਦੇ ਰਾਜਪੁਰਾ,ਘਨੌਰ, ਸਨੌਰ, ਸਮਾਣਾ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਦਾ ਕਾਫ਼ੀ ਖੇਤਰ ਹਰਿਆਣਾ ਨਾਲ ਲੱਗਦਾ ਹੈ। ਐੱਸਐੱਸਪੀ ਗਰਗ ਨੇ ਜਿਲ੍ਹਾ ਪੁਲੀਸ, ਖਾਸ ਕਰਕੇ ਇਨ੍ਹਾਂ ਖੇਤਰਾਂ ਦੀ ਪੁਲੀਸ ਫੋਰਸ ਨੂੰ ਹੋਰ ਵੀ ਵਧੇਰੇ ਚੌਕਸ ਰਹਿਣ ਲਈ ਆਖਿਆ। ਉਨ੍ਹਾਂ ਨੇ ਪੰਜਾਬ ਦਾ ਪ੍ਰਵੇਸ਼ ਦੁਆਰ ਮੰਨੇ ਜਾਂਦੇ ਸ਼ੰਭੂ ਬੈਰੀਅਰ ’ਤੇ ਹੋਰ ਵੀ ਵਧੇਰੇ ਚੌਕਸੀ ਰੱਖਣ ਲਈ ਇਸ ਖੇਤਰ ਨਾਲ ਸਬੰਧਤ ਘਨੌਰ ਸਰਕਲ ਦੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਉਚੇਚੇ ਤੌਰ ’ਤੇ ਚਰਚਾ ਕਰਦਿਆਂ, ਕੀਤੇ ਗਏ ਪ੍ਰ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸੇ ਤਰ੍ਹਾਂ ਹਰਿਅਣਾ ਨਾਲ਼ ਲੱਗਦੇ ਦੇਵੀਗੜ ਖੇਤਰ ਬਾਰੇ ਉਨ੍ਹਾਂ ਨੇ ਡੀਐੱਸਪੀ (ਆਰ) ਸੁਖਮਿੰਦਰ ਚੌਹਾਨ ਤੋਂ ਵੀ ਜਾਣਕਾਰੀ ਹਾਸਲ ਕੀਤੀ।