ਪਟਿਆਲਾ (ਖੇਤਰੀ ਪ੍ਰਤੀਨਿਧ) ਪਿਛਲੇ ਸਮੇਂ ਦੌਰਾਨ ਚੁਣੇ ਗਏ 1158 ਸਹਾਇਕ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਵਿਚਕਾਰ ਹੀ ਲਟਕਦੀਆਂ ਹੋਣ ਦੇ ਰੋਸ ਵਜੋਂ ਇਨ੍ਹਾਂ ਸਹਾਇਕ ਪ੍ਰਫੈਸਰਾਂ ਵੱਲੋਂ ਬਣਾਏ ਗਏ ‘1158 ਸਹਾਇਕ ਪ੍ਰੋਫੈਸਰ ਫਰੰਟ ਪੰਜਾਬ’ ਦੇ ਬੈਨਰ ਹੇਠਾਂ ਅੱਜ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਦਾ ਬਾਹਰ ਰੋਹ ਦੀ ਲੋਹੜੀ ਮਨਾਈ ਗਈ। ਫਰੰਟ ਦੀ ਕੋਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਤੇ ਨਿਰਭੈ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਕਤੂਬਰ ਵਿੱਚ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਸਬੰਧੀ ਜਾਰੀ ਕੀਤੇ ਗਏ ਇਸ਼ਤਿਹਾਰ ਦੇ ਤਹਿਤ 20, 21 ਤੇ 22 ਨਵੰਬਰ ਨੂੰ ਪੇਪਰ ਲਿਆ ਗਿਆ। 29, 30 ਨਵੰਬਰ ਨੂੰ ਸਕਰੂਟਨੀ ਹੋਈ। ਕੁਝ ਉਮੀਦਵਾਰਾਂ ਨੂੰ 2 ਦਸੰਬਰ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਤੇ 3 ਦਸੰਬਰ ਨੂੰ ਇਸ ਭਰਤੀ ਦੇ ਖ਼ਿਲਾਫ਼ ਪਈਆਂ ਰਿੱਟ ਪਟੀਸ਼ਨਾਂ ਕਰਕੇ ਕਈ ਵਿਸ਼ਿਆਂ ਦੇ ਨਤੀਜੇ ਵਿਭਾਗ ਦੀ ਵੈੱਬਸਾਈਟ ’ਤੇ ਪਏ ਨਤੀਜੇ ਹਟਾ ਲਏ। ਇਹ ਭਰਤੀ ਢਾਈ ਦਹਾਕਿਆਂ ਮਗਰੋਂ ਹੋਈ ਹੈ। ਜਿਸ ਕਰਕੇ ਪੁਰਾਣੇ ਅਧਿਆਪਕਾਂ ਦੇ ਸੇਵਾ ਮੁਕਤ ਹੋਣ ਕਰਕੇ ਬਹੁਤੇ ਕਾਲਜਾਂ ’ਚ ਆਸਾਮੀਆਂ ਖਾਲੀ ਪਈਆਂ ਹਨ। ਭਰਤੀ ਨੇਪਰੇ ਨਾ ਚੜ੍ਹੀ, ਤਾਂ ਕਈ ਕਾਲਜ ਬੰਦ ਹੋ ਜਾਣਗੇ। ਬਾਵਜੂਦ ਇਸ ਦੇ ਸਰਕਾਰ ਇਸ ਪ੍ਰਤੀ ਸੰਜੀਦਾ ਨਹੀਂ ਹੈ। ਜਿਸ ਕਰਕੇ ਹੀ ਸਬੰਧਤ ਉਮੀਦਵਾਰਾਂ ’ਚ ਰੋਹ ਦੀ ਲਹਿਰ ਹੈ। ਜਿਸ ਦੇ ਚੱਲਦਿਆਂ ਹੀ ਅੱਜ ਉਨ੍ਹਾਂ ਨੇ ਇਥੇ ਰੋਹ ਭਰੀ ਲੋਹੜੀ ਮਨਾਉਂਦਿਆਂ, ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਹੈ।