ਖੇਤਰੀ ਪ੍ਰਤੀਨਿਧ
ਪਟਿਆਲਾ, 14 ਮਈ
‘ਸੂਫ਼ੀ ਧਾਰਾ ਦਾ ਪੰਜਾਬੀ ਭਾਸ਼ਾ ਉੱਤੇ ਇਸ ਪੱਖੋਂ ਵੀ ਅਹਿਸਾਨ ਹੈ ਕਿ ਬਾਬਾ ਫਰੀਦ ਸਮੇਤ ਬਾਕੀ ਸੂਫ਼ੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਆਪਣੇ ਬੌਧਿਕ ਸੰਵਾਦ ਲਈ ਚੁਣਿਆ। ਅਜਿਹਾ ਹੋਣ ਨਾਲ ਜਿੱਥੇ ਆਮ ਲੋਕਾਈ ਵਿੱਚ ਪੰਜਾਬੀ ਨੂੰ ਮਾਣ ਮਿਲਿਆ ਉੱਥੇ ਹੀ ਪੰਜਾਬੀ ਭਾਸ਼ਾ ਦਾ ਵਿਗਾਸ ਹੋਣਾ ਵੀ ਸੰਭਵ ਹੋ ਸਕਿਆ।’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰਗਟਾਏ। ਉਹ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਨੈਸ਼ਨਲ ਕੌਂਸਲ ਫ਼ਾਰ ਪ੍ਰੋਮੋਸ਼ਨ ਆਫ਼ ਉਰਦੂ ਲੈਂਗੂਏਜ (ਨਵੀਂ ਦਿੱਲੀ) ਦੇ ਸਹਿਯੋਗ ਨਾਲ ਕਰਵਾਏ ‘ਕੌਮਾਂਤਰੀ ਸੂਫ਼ੀ ਭਾਸ਼ਣ ਅਤੇ ਈਦ ਮਿਲਣ ਦਾ ਪ੍ਰੋਗਰਾਮ’ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਈਰਾਨ ਮੂਲ ਦੀ ਯੂਐੱਸਏ ਅਧਾਰਿਤ ਖੋਜਾਰਥੀ ਡਾ. ਲਾਇਲਾ ਚਮਨਖਾਹ ਵੱਲੋਂ ‘ਸੂਫ਼ੀ ਦਰਸ਼ਨ: ਇਬਨ-ਏ-ਅਰਬੀ ਅਤੇ ਰੂਮੀ ਦਾ ਤੁਲਨਾਤਮਕ ਪਰਿਪੇਖ’ ਵਿਸ਼ੇ ਉੱਤੇ ਭਾਸ਼ਣ ਵੀ ਦਿੱਤਾ ਗਿਆ। ਯੂਨੀਵਰਸਿਟੀ ਆਫ ਡਾਯਟਨ ਅਮਰੀਕਾ ਦੇ ਦਰਸ਼ਨ ਵਿਭਾਗ ਨਾਲ ਸੰਬੰਧਤ ਡਾ. ਲਾਇਲਾ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਮਲੇਰਕੋਟਲਾ ਸਥਿਤ ਕੈਂਪਸ ਵਿੱਚ ਫਾਰਸੀ ਪੜ੍ਹਾ ਰਹੇ ਹਨ। ਉਨ੍ਹਾਂ ਨੇ ਭਾਸ਼ਣ ਫਾਰਸੀ ਜ਼ੁਬਾਨ ਵਿੱਚ ਹੀ ਦਿੱਤਾ। ਜਿਸ ਦਾ ਡਾ. ਜਾਇਨ-ਉਲ-ਇਬਾ ਨੇ ਉਰਦੂ ਵਿੱਚ ਅਨੁਵਾਦ ਕਰ ਕੇ ਸੁਣਾਇਆ।