ਪੱਤਰ ਪ੍ਰੇਰਕ
ਰਾਜਪੁਰਾ, 10 ਜੁਲਾਈ
ਇੱਥੋਂ ਦੀ ਪੁਰਾਣੀ ਕਚਹਿਰੀ ਨੇੜਲੀਂ ਜਾਮਾ ਮਸਜਿਦ (ਭਠਿਆਰਾਂ) ਅਤੇ ਮਦੀਨਾ ਮਸਜਿਦ ਨਲਾਸ ਰੋਡ ਵਿਖੇ ਪ੍ਰਬੰਧਕ ਕਮੇਟੀ ਦੇ ਆਗੂਆਂ ਨੂਰ ਮੁਹੰਮਦ, ਮਿਰਜਾ ਮੁਹੰਮਦ ਨਸੀਮ ਖਾਨ, ਅਨਵਰ ਖਾਨ, ਡਾ. ਗੁਲਜ਼ਾਰ, ਅਰਸ਼ਦ ਖਾਨ, ਇਸਲਾਮ ਅਲੀ, ਵਕੀਲ ਖਾਨ ਅਤੇ ਅਸਲਮ ਖਾਨ ਸਮੇਤ ਹੋਰਨਾਂ ਦੀ ਦੇਖ-ਰੇਖ ਵਿਚ ਇੱਕਤਰ ਹੋਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਈਦ ਦਾ ਪਵਿੱਤਰ ਤਿਉਹਾਰ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਜਾਮਾ ਮਸਜਿਦ ਪੁਰਾਣੀ ਕਚਹਿਰੀ ਦੇ ਇਮਾਮ ਕਾਰੀ ਮਤਲੁਬ ਸਾਹਿਬ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਜੂਹਾ ਦੀ ਨਮਾਜ਼ ਅਦਾ ਕਰਵਾਈ। ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਵਿੰਗ ਨੇ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ ਹੇਠ ਗੁਰੂ ਨਾਨਕ ਨਗਰ ਨਲਾਸ ਰੋਡ ’ਤੇ ਸਥਿਤ ਮਦੀਨਾ ਮਸਜਿਦ ਵਿਖੇ ਈਦ-ਉਲ-ਜ਼ੁਹਾ ਮਨਾਈ। ਇਸ ਉਪਰੰਤ ਮੁਸਲਿਮ ਭਾਈਚਾਰੇ ਨੇ ਸਰਕਾਰੀ ਸਕੂਲ ਵਿੱਚ ਬੂਟੇ ਲਗਾਏ। ਇਸੇ ਦੌਰਾਨ ਹਲਕਾ ਵਿਧਾਇਕਾ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਬਸਪਾ ਆਗੂ ਬਲਦੇਵ ਸਿੰਘ ਮਹਿਰਾ, ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਸਮੇਤ ਰਾਜਨੀਤਿਕ ਆਗੂਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਘਨੌਰ (ਪੱਤਰ ਪ੍ਰੇਰਕ): ਕਸਬਾ ਘਨੌਰ ਦੀ ਜਾਮਾ ਮਸਜਿਦ ਵ ਅਤੇ ਨੇੜਲੇ ਪਿੰਡਾਂ ਕਪੂਰੀ, ਕਾਮੀ ਕਲਾਂ, ਕਾਮੀ ਖੁਰਦ, ਮਰਦਾਂਪੁਰ, ਅਜਰਾਵਰ, ਹਰਪਾਲਪੁਰ, ਅਲਾਮਦੀਪੁਰ, ਲਾਛੜੂ ਸਮੇਤ ਹੋਰਨਾਂ ਪਿੰਡਾਂ ਵਿੱਚ ਈਦ ਮਨਾਈ ਗਈ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ, ਸਾਬਕਾ ਵਿਧਾਇਕ ਮਦਨ ਲਾਲ ਘਨੌਰ ਅਤੇ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਮੇਤ ਹੋਰਨਾਂ ਆਗੂਆਂ ਨੇ ਈਦ ਦੀ ਵਧਾਈ ਦਿੱਤੀ ।