ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਕਤੂਬਰ
ਸਾਲ 2018-19 ਦੌਰਾਨ ਅਧਿਆਪਕਾਂ ਵੱਲੋਂ ਸਰਕਾਰ ਤੇ ਤਨਖਾਹ ਕਟੌਤੀ ਲਈ ਝੂਠਾ ਅੰਕੜਾ ਪੇਸ਼ ਕਰਨ ਵਾਲੇ ਸਿੱਖਿਆ ਸਕੱਤਰ ਖ਼ਿਲਾਫ਼ ਲੜੇ ਘੋਲ ਦੌਰਾਨ ਸੈਂਕੜੇ ਅਧਿਆਪਕਾਂ ਦੀ ਹੋਈ ਵਿਕਟੇਮਾਈਜ਼ੇਸ਼ਨ ਨੂੰ ਸਰਕਾਰ ਨਾਲ ਜਥੇਬੰਦੀਆਂ ਦੀ ਬਣੀ ਸਹਿਮਤੀ ਅਨੁਸਾਰ ਰੱਦ ਕਰਨ ਦੀ ਥਾਂ, ਸਕੂਲ ਸਿੱਖਿਆ ਸਕੱਤਰ ਤੇ ਡੀਪੀਆਈ (ਸੈਕੰਡਰੀ ਸਿੱਖਿਆ) ਵਲੋਂ ਮੁੜ ਵਿਕਟੇਮਾਈਜ਼ੇਸ਼ਨਾਂ ਦਾ ਦੌਰ ਚਲਾਉਣ ਦੀ ਨਿੰਦਾ ਕਰਦਿਆਂ, ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਸੰਘਰਸ਼ ਰਾਹੀਂ ਮੂੰਹ ਤੋੜਵਾਂ ਜਵਾਬ ਦੇਣ ਦਾ ਫ਼ੈਸਲਾ ਕੀਤਾ ਹੈ।
ਡੀ.ਟੀਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਕਿ ਤਾਜਾ ਮਾਮਲੇ ਵਿੱਚ ਮੋਰਚੇ ਦੇ ਕਨਵੀਨਰ ਬਲਕਾਰ ਵਲਟੋਹਾ ਵੱਲੋਂ ਅਧਿਆਪਕ ਸੰਘਰਸ਼ਾਂ ਦੀ ਅਗਵਾਈ ਕਰਨ ਸਦਕਾ ਸਾਲ 2018 ਦੌਰਾਨ, ਉਨ੍ਹਾਂ ਦੀ ਜਬਰੀ ਬਦਲੀ ਜ਼ਿਲ੍ਹਾ ਤਰਨਤਾਰਨ ਤੋਂ ਮਾਨਸਾ ਵਿੱਚ ਕਰ ਦਿੱਤੀ ਗਈ ਸੀ। ਜਿਸ ਉਪਰੰਤ ਮੋਰਚੇ ਨਾਲ ਉਸ ਸਮੇਂ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਬਦਲੀਆਂ ਰੱਦ ਕਰਨ ਤੇ ਬਦਲੀ ਉਪਰੰਤ ਹਾਜ਼ਰੀ ਦੇਣ ਵਿੱਚ ਦੇਰੀ ਦੇ ਸਮੇਂ ਨੂੰ ਬਣਦੀ ਛੁੱਟੀ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਜਾਰੀ ਕੀਤਾ ਗਿਆ ਸੀ।
ਪਰ ਇਸ ਫ਼ੈਸਲੇ ਤਹਿਤ ਬਲਕਾਰ ਵਲਟੋਹਾ ਦੀ ਰੱਦ ਹੋ ਚੁੱਕੀ ਬਦਲੀ ਦੇ ਮਾਮਲੇ ਨੂੰ ਮੁੜ ਸਿੱਖਿਆ ਸਕੱਤਰ ਤੇ ਡੀਪੀਆਈ (ਸੈਕੰਡਰੀ ਸਿੱਖਿਆ) ਵੱਲੋਂ ਦੇਰੀ ਨਾਲ ਹਾਜ਼ਰੀ ਦਾ ਮਾਮਲਾ ਖੜ੍ਹਾ ਕਰਕੇ ਸੇਵਾਮੁਕਤ ਬਲਕਾਰ ਵਲਟੋਹਾ ਦੀ ਪੈਨਸ਼ਨ ਵਿੱਚ 2 ਸਾਲ ਲਈ ਵੀਹ ਫ਼ੀਸਦੀ ਕੱਟ ਲਗਾਉਣ ਦਾ ਇਕ ਪਾਸੜ ਤੇ ਨਾਦਰਸ਼ਾਹੀ ਫ਼ੈਸਲਾ ਸੁਣਾ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਮੋਰਚੇ ਦੇ ਕਨਵੀਨਰ ਸੁਖਵਿੰਦਰ ਚਾਹਲ ਨੂੰ ਫਰਜੀ ਮਾਮਲੇ ਬਣਾ ਕੇ ਜਾਰੀ ਕੀਤੀ ਦੋਸ਼ ਸੂਚੀ ਹਾਲੇ ਤੱਕ ਰੱਦ ਨਹੀਂ ਕੀਤੀ ਗਈ। ਪਟਿਆਲਾ ਜ਼ਿਲ੍ਹੇ ਦੇ 8886 ਕਾਡਰ ਵਿਚਲੇ 2 ਅਧਿਆਪਕਾਂ ਦੇ ਰੈਗੂਲਰ ਪੱਤਰ ਸੰਘਰਸ਼ਾਂ ਦੌਰਾਨ ਦਰਜ ਕੇਸਾਂ ਦਾ ਹਵਾਲਾ ਬਣਾ ਕੇ ਰੋਕੇ ਹੋਏ ਹਨ। ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਜਸਵਿੰਦਰ ਸਿੰਘ ਔਲਖ ਦੀ ਵੀ ਨਿਰਆਧਾਰ ਮਾਮਲਾ ਬਣਾ ਕੇ ਬਦਲੀ ਕੀਤੀ ਗਈ ਹੈ। ਜਦੋਂਕਿ ਕੈਬਨਿਟ ਸਬ ਕਮੇਟੀਅਤੇ ਹੋਰ ਅਧਿਕਾਰੀਆਂ ਨਾਲ਼ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਨੇ ਅਧਿਆਪਕਾਂ ਦੀਆਂ ਸਾਰੀਆਂ ਵਿਕਟੇਮਾਈਜ਼ੇਸ਼ਨਾਂ ਸਮੇਤ ਸੰਘਰਸ਼ਾਂ ਦੌਰਾਨ ਦਰਜ ਪੁਲੀਸ ਕੇਸ ਰੱਦ ਕਰਨ ਤੇ ਅਧਿਆਪਕਾਂ ਦੇ ਰੋ ਕੇ ਰੈਗੂਲਰ ਪੱਤਰ ਜਾਰੀ ਕਰਨ ਦੀ ਸਹਿਮਤੀ ਜਤਾਈ ਸੀ। ਦਰਅਸਲ, ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਟਿੱਚ ਜਾਣਨ ਵਾਲੇ ਤੇ ਅਫ਼ਸਰੀ ਧੌਂਸ ਨਾਲ ਲਬਿਰੇਜ਼ ਸਿੱਖਿਆ ਸਕੱਤਰ ਵੱਲੋਂ, ਝੂਠੇ ਅੰਕੜਿਆਂ ਰਾਹੀਂ ਪੰਜਾਬ ਦੀ ਜਨਤਕ ਸਿੱਖਿਆ ਦੇ ਜੜੀਂ ਤੇਲ ਪਾਉਣ ਦੇ ਵਿਰੋਧ ਵਿੱਚ, ਅਧਿਆਪਕਾਂ ਵੱਲੋਂ ‘ਸਕੱਤਰ ਭਜਾਓ, ਸਿੱਖਿਆ ਬਚਾਓ’ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਰਕਾਰੀ ਸਮਾਗਮ ਦੇ ਸਮਾਨੰਤਰ ਫਤਹਿਗੜ੍ਹ ਸਾਹਿਬ ਵਿਖੇ ‘ਅਧਿਆਪਕ ਸਨਮਾਨ ਬਹਾਲੀ’ ਰੈਲੀ ਕੀਤੀ ਗਈ ਤੇ ਮੌਜੂਦਾ ਸਮੇਂ ਵੀ ਸਿੱਖਿਆ ਸਕੱਤਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਜਾਰੀ ਹਨ। ਇਸ ਤੋਂ ਤਿਲਮਿਲਾਏ ਸਿੱਖਿਆ ਸਕੱਤਰ ਵੱਲੋਂ ਵਿਭਾਗ ਵਿੱਚ ਅਧਿਆਪਕ ਆਗੂਆਂ ਦੀਆਂ ਨਿਰਆਧਾਰ ਵਿਕਟੇਮਾਈਜ਼ੇਸ਼ਨਾਂ ਕੀਤੀਆਂ ਜਾ ਰਹੀਆਂ ਹਨ।