ਖੇਤਰੀ ਪ੍ਰਤੀਨਿਧ
ਪਟਿਆਲਾ, 31 ਜੁਲਾਈ
‘ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪੰਜਾਬ’ ਨੇ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਰਵੱਈਏ ਦੀ ਨਿਖੇਧੀ ਕਰਦਿਆਂ, ਅਸਤੀਫ਼ੇ ਦੀ ਮੰਗ ਕੀਤੀ ਹੈ। ਜਨਰਲ ਸਕੱਤਰ ਜਸਪ੍ਰੀਤ ਸਿੰਘ ਕੌਲਧਾਰ ਨੇ ਦੱਸਿਆ ਕਿ ਸਿਹਤ ਮੰਤਰੀ ਬਣਨ ਦੇ ਪਹਿਲੇ ਦਿਨ ਤੋਂ ਹੀ ਸ੍ਰੀ ਜੌੜਾਮਾਜਰਾ ਦਾ ਰਵੱਈਆ ਡਾਕਟਰਾਂ ਅਤੇ ਹੋਰ ਸਿਹਤ ਅਮਲੇ ਦਾ ਮਨੋਬਲ ਡੇਗਣ ਵਾਲ਼ਾ ਹੀ ਰਿਹਾ ਹੈ। 29 ਜੁਲਾਈ ਨੂੰ ਡਾ. ਰਾਜ ਬਹਾਦਰ ਨਾਲ਼ ਕੀਤਾ ਗਿਆ ਵਿਹਾਰ ਸਮੁੱਚੇ ਡਾਕਟਰੀ ਖਿੱਤੇ ਦੇ ਅਪਮਾਨ ਦੇ ਤੁੱਲ ਹੈ। ਐਸੋਸੀਏਸਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰੀ ਪੇਸ਼ੇ ਨਾਲ ਜੁੜੇ ਦਰਜਨ ਭਰ ਵਿਧਾਇਕਾਂ ’ਚੋਂ ਹੀ ਕਿਸੇ ਨੂੰ ਸਿਹਤ ਮੰਤਰੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ‘ਆਪ’ ਦੇ ਡਾਕਟਰੀ ਪਿਛੋਕੜ ਵਾਲ਼ੇ ਵਿਧਾਇਕਾਂ ਨੂੰ ਵੀ ਆਪਣੇ ਭਾਈਚਾਰੇ ਦੀ ਪਿੱਠ ’ਤੇ ਖੜ੍ਹਨਾ ਚਾਹੀਦਾ ਹੈ। ਮੰਤਰੀ ਵੱਲੋਂ ਅਸਤੀਫ਼ਾ ਨਾ ਦੇਣ ਜਾਂ ਸਰਕਾਰ ਵੱਲੋਂ ਉਸ ਨੂੰ ਲਾਂਭੇ ਨਾ ਕਰਨ ਦੀ ਸੂਰਤ ’ਚ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਸਿਹਤ ਮੰਤਰੀ ਦੇ ਰਵੱਈਏ ਦੀ ਨਿਖੇਧੀ
ਧੂਰੀ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੰਸ ਰਾਜ ਗੁਪਤਾ ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਜ਼ਲੀਲ ਕਰਨ ਦੀ ਨਿਖੇਧੀ ਕੀਤੀ ਹੈ। ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਗੁਰਪਿਆਰ ਸਿੰਘ ਧੂਰਾ, ਨੌਜਵਾਨ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਆਦਿ ਨੇ ਕਿਹਾ ਕਿ ਸਿਹਤ ਮੰਤਰੀ ਦੇ ਸਲੂਕ ਦਾ ਖ਼ਮਿਆਜ਼ਾ ਮਰੀਜ਼ਾਂ ਨੂੰ ਭੁਗਤਣਾ ਪਵੇਗਾ।