ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਧਾਨ ਇੰਦਰਪ੍ਰੀਤ ਸਿੰਘ ਬਾਰਨ ਦੀ ਅਗਵਾਈ ਹੇਠਲੇ ‘ਸਟੇਟ ਐਵਾਰਡੀ ਸ਼ਹੀਦ ਭਗਤ ਸਿੰਘ ਕਲੱਬ ਬਾਰਨ’ ਵੱਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ ਪ੍ਰੀਤ ਮੈਡੀਕਲ ਅਤੇ ਡੈਂਟਲ ਕੇਅਰ ਹਸਪਤਾਲ ਬਾਰਨ ਵਿੱਚ ਲਗਾਇਆ ਗਿਆ। ਇਸ ਦੌਰਾਨ ਜਿਥੇ 700 ਮਰੀਜ਼ਾਂ ਦੇ 8 ਲੱਖ ਤੋਂ ਵੀ ਵੱਧ ਕੀਮਤ ਦੇ ਟੈਸਟ ਮੁਫ਼ਤ ਕੀਤੇ ਗਏ, ਉਥੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਕਲੱਬ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ ਇੰਦਰਪ੍ਰੀਤ ਬਾਰਨ ਦੀ ਅਗਵਾਈ ਹੇਠਲੇ ਇਸ ਮੈਗਾ ਕੈਂਪ ਦੌਰਾਨ ਪੁੱਜੀ ਡਾਕਟਰਾਂ ਦੀ ਟੀਮ ’ਚ ਡਾ਼ ਹਰਪ੍ਰੀਤ ਸਿੰਘ ਐੱਮਡੀ ਮੈਡੀਸਿਨ, ਡਾ. ਕਵਲਪ੍ਰੀਤ ਕੌਰ ਦੰਦਾਂ ਦੀ ਮਾਹਿਰ, ਡਾ. ਰੋਹਿਤ ਗਰਗ ਸਰਜਰੀ ਦੇ ਮਾਹਿਰ, ਡਾ. ਅਤੁਲ ਕੱਕੜ ਅੱਖਾਂ ਦੇ ਮਾਹਿਰ ਅਤੇ ਡਾ. ਨਿਧੀ ਇਸਤਰੀ ਰੋਗਾਂ ਦੇ ਮਾਹਿਰ ਆਦਿ ਸ਼ਾਮਲ ਸਨ। ਕੈਂਪ ਵਿੱਚ ਪਟਿਆਲਾ ਕਾਲਜ਼ ਆਫ ਐਜੂਕੇਸ਼ਨ ਹਰਦਾਸਪੁਰ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਕੈਂਪ ਦਾ ਉਦਘਾਟਨ ਗੁਰਮਤਿ ਅਕੈਡਮੀ ਦੇ ਪ੍ਰਬੰਧਕ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਕੀਤੀ। ਇਸ ਮੌਕੇ ਬਲਵਿੰਦਰ ਸੈਣੀ, ਇੰਜ. ਸਤਵਿੰਦਰ ਸੈਣੀ ਨੇ ਹਲਕਾ ਵਿਧਾਇਕ ਡਾ.ਬਲਬੀਰ ਸਿੰਘ ਵਜੋਂ ਹਾਜ਼ਰੀ ਲਵਾਈ।