ਪੱਤਰ ਪ੍ਰੇਰਕ
ਰਾਜਪੁਰਾ, 21 ਸਤੰਬਰ
ਇਸ ਖਿੱਤੇ ਵਿੱਚ ਅੱਜ ਬਾਅਦ ਲੰਮੇ ਅਰਸੇ ਤੋਂ ਬਾਅਦ ਹੋ ਰਹੀ ਭਰਵੀਂ ਬਾਰਿਸ਼ ਨਾਲ ਕਿਸਾਨਾਂ ਲਈ ਲਾਭ ਹਾਨੀ ਵਾਲੀ ਗੱਲ ਰਹੀ ਪਰ ਇਸ ਨਾਲ ਸ਼ਹਿਰੀ ਖੇਤਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਖਿੱਤੇ ’ਚ ਪਿਛਲੇ ਲੰਮੇ ਸਮੇਂ ਤੋਂ ਬਾਰਿਸ਼ ਨਾ ਹੋਣ ਕਾਰਨ ਸਾਊਣੀ ਦੀਆਂ ਫਸਲਾਂ ਸੋਕੇ ਦੀ ਮਾਰ ਹੇਠ ਆ ਗਈਆਂ ਸਨ। ਜਿਸ ਨੂੰ ਲੈ ਕੇ ਕਿਸਾਨ ਵਰਗ ਕਾਫੀ ਚਿੰਤਤ ਸੀ। ਅੱਜ ਬਾਅਦ ਦੁਪਹਿਰ ਵੇਲੇ ਪਈ ਭਰਵੀਂ ਬਾਰਿਸ਼ ਨਾਲ ਕਿਸਾਨਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ। ਅੱਜ ਦੀ ਬਾਰਿਸ਼ ਨਾਲ ਝੋਨਾ, ਹਰਾ ਚਾਰਾ ਤੇ ਹੋਰ ਫਸਲਾਂ ਨੂੰ ਲਾਭ ਪੁੱਜੇਗਾ। ਜਦੋਂਕਿ ਬਾਰਿਸ਼ ਦੀ ਘਾਟ ਕਾਰਨ ਰੁਕੀ ਹੋਈ ਬਰਸੀਮ ਤੇ ਸਬਜ਼ੀ ਦੀ ਬਿਜਾਈ ਹੋ ਸਕੇਗੀ। ਇਸੇ ਦੌਰਾਨ ਸ਼ਹਿਰੀ ਖੇਤਰ ’ਚ ਬਰਸਾਤ ਦੇ ਪਾਣੀ ਦਾ ਢੁਕਵਾਂ ਨਿਕਾਸ ਨਾ ਹੋਣ ਕਾਰਨ ਪਾਣੀ ਸ਼ਹਿਰ ਦੇ ਬਾਜ਼ਾਰਾਂ ਸਣੇ ਕਲੌਨੀ ਦੀਆਂ ਸੜਕਾਂ ’ਤੇ ਖੜ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਪਟਿਆਲਾ ਨੂੰ ਵਾਇਆ ਟਾਊਨ ਦਿੱਲੀ-ਅੰਮ੍ਰਿਤਸਰ ਕੌਂਮੀਸ਼ਾਹ ਮਾਰਗ ਨਾਲ ਜੋੜਨ ਵਾਲੇ ਨਵੇਂ ਤੇ ਪੁਰਾਣੇ ਦੋਵੇਂ ਹੀ ਅੰਡਰਬ੍ਰਿਜਾਂ ’ਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਬੱਸ, ਟਰੱਕਾਂ ਆਦਿ ਭਾਰੀ ਵਾਹਨਾਂ ਨੂੰ ਟਾਊਨ ਤੋਂ ਲਬਿਰਟਰੀ ਚੌਕ, ਸਰਹਿੰਦ ਬਾਈਪਾਸ ਤੋਂ ਕਰੀਬ 4-5 ਕਿਲੋਮੀਟਰ ਘੁੰਮ ਕੇ ਆਪਣੀ ਮੰਜ਼ਿਲ ਵੱਲ ਜਾਣਾ ਪਿਆ।