ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜੂਨ
ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਹਫਤੇ ਦੇ ਅੰਤਲੇ ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਦੇ ਨਿਰਦੇਸ਼ ਜਾਰੀ ਕੀਤੇ ਸਨ ਜਿਸ ਨੂੰ ਪਟਿਆਲਾ ਵਾਸੀਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਅੱਜ ਐਤਵਾਰ ਵਾਲੇ ਦਿਨ ਪਟਿਆਲਾ ਦੀਆਂ ਸੜਕਾਂ ’ਤੇ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਆਵਾਜਾਈ ਨਾਂਹ ਦੇ ਬਰਾਬਰ ਰਹੀ ਅਤੇ ਬਾਜ਼ਾਰ ਵੀ ਬੰਦ ਰਹੇ। ਇਹ ਜਾਣਕਾਰੀ ਦਿੰਦਿਆਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪਟਿਆਲਾ ਵਾਸੀਆਂ ਵੱਲੋਂ ਕੋਵਿਡ-19 ਤੋਂ ਬਚਾਅ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕਰੋਨਾ ਖ਼ਿਲਾਫ਼ ਅਸੀਂ ਇਹ ਜੰਗ ਮਿਸ਼ਨ ਫ਼ਤਿਹ ਜ਼ਰੂਰ ਜਿੱਤਾਂਗੇ। ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਅਸੀਂ ਇਸ ਮਹਾਂਮਾਰੀ ਤੋਂ ਆਪਣੇ ਆਪ ਨੂੰ ਬਚਾਅ ਸਕਦੇ ਹਾਂ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਵਿੱਥ ਦੇ ਇਹਤਿਆਤਾਂ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਏ ਗਏ ਕਰਫ਼ਿਊ ਤੇ ਲਾਕਡਾਊਨ ਦੇ ਫੈਸਲਿਆਂ ਸਦਕਾ ਅਸੀਂ ਕੋਵਿਡ-19 ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਰੋਕਣ ’ਚ ਕਾਮਯਾਬ ਰਹੇ ਹਾਂ ਅਤੇ ਜੇ ਅਸੀਂ ਕੁਝ ਸਾਵਧਾਨੀਆਂ ਦੀ ਪਾਲਣਾ ਕਰਦੇ ਰਹੇ, ਤਾਂ ਅਸੀਂ ਜਲਦੀ ਹੀ ਇਸ ਮਹਾਂਮਾਰੀ ’ਤੇ ਕਾਬੂ ਪਾ ਸਕਾਂਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਸਹੀ ਜਾਣਕਾਰੀ ਦੇਣ ਲਈ ਕੋਵਾ ਐਪ ਵਿਕਸਤ ਕੀਤੀ ਗਈ ਹੈ। ਜਿਸ ਵਿੱਚ ਕਰੋਨਾ ਸਬੰਧੀ ਸਾਰੀ ਜਾਣਕਾਰੀ ਉਪਲਬਧ ਹੈ। ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਫ਼ਤਿਹ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ, ਉਨ੍ਹਾਂ ਕਿਹਾ ਕਿ ਕਰੋਨਾ ਖ਼ਿਲਾਫ਼ ਸਮੂਹ ਪਟਿਆਲਾ ਵਾਸੀ ਇਸ ਮਿਸ਼ਨ ਦਾ ਹਿੱਸਾ ਬਣ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਹਿੱਸਾ ਬਣਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਦੇ ਹੁਕਮਾਂ ਮੁਤਾਬਕ ਲਹਿਰਾਗਾਗਾ ਦੇ ਬਾਜ਼ਾਰ ਐਤਵਾਰੀ ਲੌਕਡਾਊਨ ਦੌਰਾਨ ਪੂਰਨ ਤੌਰ ’ਤੇ ਬੰਦ ਰਹੇ। ਚਾਹੇ ਕੁਝ ਦੁਕਾਨਦਾਰਾਂ ਨੇ ਮੁਰੰਮਤ ਲਈ ਰਾਜ ਮਿਸਤਰੀ ਲਾਏ ਹੋਏ ਸਨ। ਪਰ ਲਹਿਰਾਗਾਗਾ ਮੰਡੀ ਪੂਰੀ ਤਰ੍ਹਾਂ ਬੰਦ ਹੋਣ ਕਰਕੇ ਪੂਰੀ ਤਰ੍ਹਾਂ ਨਾਲ ਸਨਾਟਾ ਪਸਰਿਆ ਹੋਇਆ ਸੀ। ਲਹਿਰਾਗਾਗਾ ਮੰਡੀ ਵਿੱਚੋਂ ਸੌਦਾ ਲੈਣ ਆਏ ਕਰਮ ਸਿੰਘ, ਮੁਖਤਾਰ ਸਿੰਘ, ਅਜੈਬ ਸਿੰਘ ਲੇਹਲ ਕਲਾਂ ਆਦਿ ਨੇ ਦੱਸਿਆ ਕਿ ਉਹ ਐਤਵਾਰੀ ਲੌਕਡਾਊਨ ਤੋਂ ਅਣਜਾਨ ਹੋਣ ਕਰਕੇ ਜ਼ਰੂਰੀ ਘਰੇਲੂ ਵਸਤਾਂ, ਸਪਰੇਅ, ਬੀਜ ਅਤੇ ਰੇਹ ਆਦਿ ਲੈਣ ਆਏ ਸਨ। ਐਤਵਾਰ ਨੂੰ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਹੋਣ ਕਾਰਨ ਉਹ ਡੀਜ਼ਲ, ਪੈਟਰੋਲ ਫੂਕ ਕੇ ਖ਼ਾਲੀ ਵਾਪਸ ਜਾ ਰਹੇ ਹਨ। ਇੱਥੋਂ ਤੱਕ ਕਿ ਸਬਜ਼ੀਆਂ ਵਾਲੀਆਂ ਰੇਹੜੀਆਂ ਤੋਂ ਇਲਾਵਾ ਚਾਹ ਆਦਿ ਪੀਣ ਲਈ ਵੀ ਕੋਈ ਰੇਹੜੀ ਜਾਂ ਦੁਕਾਨ ਖੁੱਲ੍ਹੀ ਨਹੀਂ ਸੀ। ਉਧਰ, ਬੱਸ ਅੱਡੇ ਵਿੱਚ ਕੋਈ ਸਰਕਾਰੀ ਜਾਂ ਪ੍ਰਾਈਵੇਟ ਬੱਸ, ਮਿੰਨੀ ਬੱਸ ਵੀ ਨਹੀਂ ਆਈ। ਦੂਜੇ ਪਾਸੇ ਥਾਣਾ ਮੁਖੀ ਲਹਿਰਾਗਾਗਾ ਸੁਰਿੰਦਰ ਭੱਲਾ ਅਤੇ ਸਿਟੀ ਇੰਚਾਰਜ ਪਰਸ਼ੋਤਮ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਐਤਵਾਰ ਨੂੰ ਕੀਤਾ ਲੌਕਡਾਊਨ ਤੁਹਾਡੇ ਹਿੱਤ ਵਿੱਚ ਹੈ। ਇਸ ਤੋਂ ਇਲਾਵਾ ਹੋਰ ਵੀ ਲੌਕਡਾਊਨ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ।