ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਈ
ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਹਸਪਤਾਲ ਮੈਨੇਜਮੈਂਟ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸਥਾਨਕ ਪ੍ਰ੍ਰਸ਼ਾਸਨ ਰਾਹੀਂ ਸਿਹਤ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ।
ਮੁਲਾਜ਼ਮਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ, ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਪੰਜਾਬ ’ਚ ਭਾਵੇਂ ਸਰਕਾਰ ਬਦਲ ਗਈ ਹੈ ਪਰ ਮੁਲਾਜ਼ਮਾਂ ਦੀ ਹਾਲਤ ਜਿਉਂ ਦੀ ਤਿਉਂ ਹੈ ਜਿਸ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਖਾਸ ਕਰਕੇ ਅਪਰੈਲ ਮਹੀਨੇ ਵਿੱਚ ਹਰੇਕ ਵਰਗ ਨੂੰ ਫੰਡਾਂ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਮਹੀਨੇ ’ਚ ਹੀ ਬੱਚਿਆਂ ਦੀਆਂ ਫੀਸਾਂ, ਵਰਦੀਆਂ ਤੇ ਕਿਸਾਬਾਂ ਸਮੇਤ ਮੁਲਾਜ਼ਮਾਂ ਨੇ ਸਾਲ ਭਰ ਲਈ ਕਣਕ ਵੀ ਖਰੀਦਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਮਿਆਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ। ਇਹ ਕਾਮੇ ਅੱਜ ਵੀ ਠੇਕੇਦਾਰੀ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ ਤੇ ਨਿਗੂਣੀਆਂ ਤਨਖਾਹਾਂ ’ਤੇ ਹੀ ਕੰਮ ਕਰਨ ਲਈ ਮਜਬੂਰ ਹਨ। ਠੇਕੇਦਾਰਾਂ ਵੱਲੋਂ ਇਨ੍ਹਾਂ ਕਾਮਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਅਫਸਰਸ਼ਾਹੀ ਲੋਕ ਹਿਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ‘ਕਰੋਨਾ ਯੋਧੇ’ ਵੀ ਅੱਜ ਸੰਘਰਸ਼ ਦੇ ਰਾਹ ’ਤੇ ਹਨ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਇਸ ਮੌਕੇ ਐਲਾਨ ਕੀਤਾ ਕਿ ਕੰਟਰੈਕਟ ਕਾਮੇ 9 ਮਈ ਨੂੰ ਕੰਮ ਛੱਡ ਹੜਤਾਲ ਕਰਕੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਧਰਨੇ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਕੱਚੇ ਮੁਲਾਜ਼ਮ ਮੁਹਾਲੀ ਸਥਿਤ ਮੰਡੀ ਬੋਰਡ ਦੇ ਮੁੱਖ ਦਫਤਰ ਵਿੱਚ 12 ਮਈ ਨੂੰ ਧਰਨਾ ਦੇਣਗੇ। ਪਨਸਪ ਦੇ ਚੌਥਾ ਦਰਜਾ ਮੁਲਾਜ਼ਮ ਪਨਸਪ ਦੇ ਐੱਮ.ਡੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ 17 ਮਈ ਨੂੰ ਧਰਨਾ ਦੇਣਗੇ। ਇਸੇ ਦੌਰਾਨ ਮਾਤਾ ਕੁਸ਼ਲਿਆ ਹਸਪਤਾਲ ਦੇ ਚੌਥਾ ਦਰਜਾ ਮੁਲਾਜਮਾਂ ਨੇ ਮੀਟਿੰਗ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਮ ਲਾਲ ਰਾਮਾ, ਸੁਖਦੇਵ ਸਿੰਘ ਝੰਡੀ, ਪ੍ਰਕਾਸ਼ ਲੁਬਾਣਾ, ਗੁਰਮੀਤ ਕੌਰ, ਦਿਆ ਸ਼ੰਕਰ, ਤਰਲੋਕ ਸਿੰਘ, ਸੁਮਨ, ਤਰਸੇਮ, ਚਰਨਜੀਤ ਕੌਰ, ਅਕਸ਼ੇ ਕੁਮਾਰ, ਨੇਹਾ, ਰਿੰਪੀ, ਸੁਨੀਤਾ ਆਦਿ ਹਾਜ਼ਰ ਸਨ।