ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 20 ਮਈ
ਸਥਾਨਕ ਸ਼ਿਵਾਜੀ ਪਾਰਕ ਵਿੱਚ ਡੈਮੋਕਰੇਟਿਕ ਟੀਚਰਜ਼ ਫ਼ਰੰਟ ਇਕਾਈ ਤਹਿਸੀਲ ਰਾਜਪੁਰਾ ਦੀ ਅਹਿਮ ਮੀਟਿੰਗ ਫ਼ਰੰਟ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ 20 ਮਈ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਕੀਤੀ ਜਾ ਰਹੀ ‘ਇਨਸਾਫ਼ ਕਰੋ’ ਰੈਲੀ ਵਿਚ ਪੁਰਜ਼ੋਰ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਫ਼ਰੰਟ ਦੇ ਆਗੂਆਂ ਸੁਖਦੇਵ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੀ ਪੁਰਾਣੀਆਂ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਦੇ ਰਾਹ ਤੁਰ ਪਈ ਹੈ,। ਇਸੇ ਲਈ ਪਟਿਆਲਾ ਜ਼ਿਲ੍ਹੇ ਦੇ 2 ਅਧਿਆਪਕ ਸਾਥੀ ਹਰਿੰਦਰ ਸਿੰਘ ਅਤੇ ਨਵਲਦੀਪ ਸ਼ਰਮਾ ਦੇ ਰੈਗੂਲਰ ਦੇ ਆਰਡਰ ਕਾਂਗਰਸ ਸਰਕਾਰ ਦੇ ਵੇਲੇ ਤੋਂ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਰੋਕੇ ਹੋਏ ਸਨ ਅਤੇ ਮੌਜੂਦਾ ‘ਆਪ’ ਸਰਕਾਰ ਨੇ ਵੀ ਇਹ ਆਰਡਰ ਜਾਰੀ ਕਰਨਾ ਜ਼ਰੂਰੀ ਨਹੀਂ ਸਮਝਿਆ। ਇਸ ਮੌਕੇ ਮੀਤ ਪ੍ਰਧਾਨ ਜਤਿੰਦਰ ਸਿੰਘ ਪਹਿਰ ਕਲਾਂ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਦੇ ਆਰਡਰ ਜਾਰੀ ਕਰਵਾਉਣ ਅਤੇ ਕੋਠਾ ਗੁਰੂ (ਬਠਿੰਡਾ) ਵਿੱਚ 2012 ਵਿੱਚ ਅਕਾਲੀ-ਭਾਜਪਾ ਸਰਕਾਰ ਦਾ ਤਸ਼ੱਦਦ ਸਹਿਣ ਵਾਲੇ 59 (ਐੱਸਐਸਏ/ਰਮਸਾ) ਅਧਿਆਪਕਾਂ ’ਤੇ ਦਰਜ ਹੋਏ ਝੂਠੇ ਪੁਲੀਸ ਕੇਸ ਰੱਦ ਨਾ ਹੋਣ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।