ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਪਟਿਆਲਾ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 67 ਸਥਾਨਾਂ ਦੀ ਘੇਰਾਬੰਦੀ ਕਰ ਕੇ 1965 ਲਿਟਰ ਲਾਹਣ, 6 ਕਿਲੋ ਭੁੱਕੀ, 5 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 170 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਇਸ ਦੌਰਾਨ ਥਾਣਾ ਪਸਿਆਣਾ ਦੇ ਮੁਖੀ ਜਸਪ੍ਰੀਤ ਸਿੰੰਘ ਕਾਹਲੋਂ, ਥਾਣਾ ਸਦਰ ਪਟਿਆਲਾ ਦੇ ਮੁਖੀ ਪਰਦੀਪ ਬਾਜਵਾ, ਥਾਣਾ ਸਦਰ ਸਮਾਣਾ ਦੇ ਮੁਖੀ ਅੰਕੁਰਦੀਪ ਸਿੰਘ ਸਮੇਤ ਹੋਰ ਥਾਣਾ ਮੁਖੀਆਂ ਨੇ ਵੀ ਟੀਮਾਂ ਸਮੇਤ ਛਾਪੇ ਮਾਰੇ ਹਨ ਜਿਸ ਦੌਰਾਨ 25 ਕੇਸ ਦਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਰੀ ਕਾਰਵਾਈ ਦਾ ਮੁੱਖ ਮਕਸਦ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਿਗਾਹ ਰੱਖਣਾ ਹੈ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਤੇ ਸਮਾਜ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਤੋਂ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲੀਸ ਵੱਲੋਂ ਪਿਛਲੇ ਦੋ ਹਫ਼ਤਿਆਂ ਦੌਰਾਨ 156 ਵਿਅਕਤੀਆਂ ਨੂੰ ਪੁਲੀਸ ਥਾਣੇ ਬੁਲਾ ਕੇ ਉਨ੍ਹਾਂ ਦੀ ਕੌਂਸਲਿੰਗ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਪੁਲੀਸ ਵਚਨਬੱਧ ਹੈ ਅਤੇ ਇਸ ਲਈ ਪੁਲੀਸ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।