ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 15 ਅਕਤੂਬਰ
ਇਲਾਕੇ ਵਿੱਚ ਬੀਤੇ ਦਿਨੀਂ ਪਏ ਭਰਵੇਂ ਮੀਂਹ ਨਾਲ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ ’ਤੇ ਰਾਜਪੁਰਾ ਦੇ ਆਈਸੀਐੱਲ ਰੋਡ ਵਾਲੇ ਰੇਲਵੇ ਅੰਡਰਬ੍ਰਿਜ ਅਤੇ ਘੱਗਰ ਸਰਾਏ ਦੇ ਰੇਲਵੇ ਫਾਟਕ ਵਾਲੇ ਅੰਡਰਬ੍ਰਿਜਾਂ ਵਿੱਚ ਭਰੇ ਬਰਸਾਤੀ ਪਾਣੀ ਦੀ ਪੰਜ ਦਿਨਾਂ ਬਾਅਦ ਵੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਪੁਰਾ ਦੇ ਅੰਡਰਬ੍ਰਿਜ ਵਿੱਚ ਖੜ੍ਹੇ ਪਾਣੀ ਕਾਰਨ ਦੋਪਹੀਆ ਅਤੇ ਹਲਕੇ ਵਾਹਨਾਂ ਦੇ ਚਾਲਕ ਆਪਣੀ ਮੰਜ਼ਿਲ ਵੱਲ ਜਾਣ ਲਈ ਪੁਰਾਣੇ ਅੰਡਰਬ੍ਰਿਜ ਵਿੱਚੋਂ ਲੰਘ ਰਹੇ ਹਨ ਜਦੋਂਕਿ ਭਾਰੀ ਵਾਹਨ ਚਾਲਕਾਂ ਨੂੰ ਗਗਨ ਚੌਕ ਤੋਂ ਲਬਿਰਟੀ ਚੌਕ ਤੱਕ ਕਈ ਕਿਲੋਮੀਟਰ ਤੱਕ ਵਾਧੂ ਪੈਂਡਾ ਤੈਅ ਕਰ ਕੇ ਮੰਜ਼ਿਲ ਤੱਕ ਜਾਣਾ ਪੈ ਰਿਹਾ ਹੈ। ਰੇਲਵੇ ਵਿਭਾਗ ਦੇ ਏਡੀਈ ਐੱਨ ਨਤੀਸ਼ ਗਰਗ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਅੰਡਰਬ੍ਰਿਜਾਂ ਵਿੱਚੋਂ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇਗੀ।