ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 3 ਅਕਤੂਬਰ
ਇਥੋਂ ਦੇ ਆਈ.ਸੀ.ਐਲ ਰੋਡ ਵਾਲੇ ਨਵੇਂ ਰੇਲਵੇ ਅੰਡਰਬ੍ਰਿਜ ਵਿੱਚੋਂ ਆਖ਼ਰ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਗਈ ਜਿਸ ਮਗਰੋਂ ਹਫਤੇ ਬਾਅਦ ਸੜਕੀ ਆਵਾਜਾਈ ਬਹਾਲ ਹੋਈ। ਜਾਣਕਾਰੀ ਅਨੁਸਾਰ ਟਾਊਨ ਨੂੰ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ਨਾਲ ਜੋੜਨ ਵਾਲੇ ਆਈ.ਸੀ.ਐਲ ਰੋਡ ਦੇ ਨਵੇਂ ਰੇਲਵੇ ਅੰਡਰਬ੍ਰਿਜ ਵਿੱਚ ਹਫਤਾ ਪਹਿਲਾਂ ਬਰਸਾਤੀ ਪਾਣੀ ਭਰ ਜਾਣ ’ਤੇ ਆਵਾਜਾਈ ਠੱਪ ਹੋ ਗਈ ਸੀ ਤੇ ਪਾਣੀ ਦੀ ਨਿਕਾਸੀ ਨਹੀਂ ਸੀ ਹੋ ਰਹੀ। ਜਿਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਉਕਤ ਅੰਡਰਬ੍ਰਿਜ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਠੇਕਾ ਦਿੱਤਾ ਹੋਇਆ ਹੈ। ਪ੍ਰੰਤੂ ਸਬੰਧਤ ਠੇਕੇਦਾਰ ਇੱਕ ਸਾਲ ਤੋਂ ਅੰਡਰਬ੍ਰਿਜ ਵਿੱਚ ਭਰਦੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਕਰਵਾ ਰਿਹਾ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੰਘੇ ਹਫਤੇ ਹੋਈ ਭਰਵੀਂ ਬਰਸਾਤ ਦਾ ਪਾਣੀ ਇਕ ਹਫਤੇ ਤੋਂ ਅੰਡਰਬ੍ਰਿਜ ਵਿੱਚ ਭਰਿਆ ਹੋਣ ਕਾਰਨ ਉਨ੍ਹਾਂ ਵੱਲੋਂ ਇਹ ਮਾਮਲਾ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵਿਭਾਗ ਕੋਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਾ ਹੋ ਸਕਿਆ ਜਿਸ ’ਤੇ ਨਗਰ ਕੌਂਸਲ ਵੱਲੋਂ ਲੰਘੇ ਕੱਲ੍ਹ ਤੋਂ ਦੋ ਇੰਜਣ ਲਗਾ ਕੇ ਅੰਡਰਬ੍ਰਿਜ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਗਈ ਤੇ ਅੱਜ ਆਵਾਜਾਈ ਬਹਾਲ ਹੋ ਗਈ।