ਗੁਰਨਾਮ ਸਿੰਘ ਚੌਹਾਨ
ਪਾਤੜਾਂ, 11 ਅਕਤੂਬਰ
ਕੇਂਦਰ ਸਰਕਾਰ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਜੰਮੂ-ਕੱਟੜਾ ਐਕਸਪ੍ਰੈੱਸਵੇਅ ਹਲਕਾ ਸ਼ੁਤਰਾਣਾ ਦੇ ਉਨ੍ਹਾਂ ਪਿੰਡਾਂ ਵਿਚੋਂ ਲੰਘਣਾ ਹੈ ਜੋ ਘੱਗਰ ਦਰਿਆ ਵਿੱਚ ਆਉਣ ਵਾਲੇ ਹੜ੍ਹਾਂ ਕਾਰਨ ਪ੍ਰਭਾਵਿਤ ਹੁੰਦੇ ਹਨ। ਅੱਜ ਲੋਕਾਂ ਵੱਲੋਂ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਉਸ ਸਮੇਂ ਬੂਰ ਪੈਣ ਦੀਆਂ ਸੰਭਾਵਨਾਵਾਂ ਬਣਦੀਆਂ ਦਿਖਾਈ ਦਿੱਤੀਆਂ ਜਦੋਂ ਕੰਪਨੀ ਦੇ ਏਜੀਐੱਮ ਨੇ ਇਲਾਕੇ ਦਾ ਦੌਰਾ ਕਰ ਕੇ ਪ੍ਰਭਾਵਿਤ ਜਗ੍ਹਾ ਦਾ ਨਿਰੀਖਣ ਕੀਤਾ ਤੇ ਲੋਕਾਂ ਦਾ ਪੱਖ ਸੁਣ ਕੇ ਦੋ ਪੁਲ ਵਾਧੂ ਬਣਾਉਣ ਦੇ ਨਾਲ-ਨਾਲ ਛੋਟੇ ਪੁਲਾਂ ਨੂੰ ਚੌੜਾ ਕੀਤੇ ਜਾਣ ਦਾ ਭਰੋਸਾ ਦਿਵਾਇਆ। ਦੱਸਣਯੋਗ ਹੈ ਕਿ ਪਿੰਡ ਸ਼ੁਤਰਾਣਾ ਰਸੌਲੀ, ਕਰਤਾਰਪੁਰ, ਝੀਲ, ਭੂੰਡਥੇਹ ਸਮੇਤ ਦਰਜਨ ਪਿੰਡਾਂ ਦੇ ਲੋਕਾਂ ਵੱਲੋਂ ਜੰਮੂ ਕਟੜਾ ਐਕਸਪ੍ਰੈੱਸਵੇਅ ਨੂੰ ਪਿੱਲਰਾਂ ਉੱਤੇ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਸਦੇ ਮੱਦੇਨਜ਼ਰ ਕੰਪਨੀ ਦੇ ਏਜੀਐੱਮ, ਸੀਡੀਐੱਸ ਇਨਫਰਾ ਪ੍ਰਾਜੈਕਟਸ ਲਿਮਟਿਡ ਦੇ ਅਸਿਸਟੈਂਟ ਜਨਰਲ ਮੈਨੇਜਰ ਮੁਕੇਸ਼ ਤਿਆਗੀ, ਅਸਿਸਟੈਂਟ ਮੈਨੇਜਰ ਆਲੋਕ ਤਿਵਾੜੀ ਅਤੇ ਐੱਸਡੀਓ ਕਨਿਸ਼ਕ ਡਾਂਗੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੜ੍ਹ ਪ੍ਰਭਾਵਿਤ ਡੇਢ ਕਿਲੋਮੀਟਰ ਰਕਬੇ ਦੇ ਪਾਣੀ ਦੀ ਨਿਕਾਸੀ ਲਈ ਨੈਸਨਲ ਹਾਈਵੇਅ ਅਥਾਰਟੀ ਤੋਂ ਮਨਜ਼ੂਰੀ ਲੈਣ ਉਪਰੰਤ ਦੋ ਪੁਲ ਹੋਰ ਵਧਾਏ ਜਾਣਗੇ ਅਤੇ ਛੋਟੀਆਂ ਪੁਲੀਆਂ ਨੂੰ ਵੀ ਵੱਡਾ ਕਰ ਦਿੱਤਾ ਜਾਵੇਗਾ। ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਨਿਰੰਕਾਰ ਸਿੰਘ ਨੇ ਦੱਸਿਆ ਕਿ ਬਾਰਾਂ ਤੋਂ ਪੰਦਰਾਂ ਫੁੱਟ ਉਚਾਈ ’ਤੇ ਬਣ ਰਹੇ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਪੰਜਾਬ ਦੇ ਗਲੌਲੀ ਪਿੰਡ ਤੋਂ ਸ਼ੁਰੂ ਹੋਣ ਉਪਰੰਤ ਸ਼ੁਤਰਾਣਾ ਦੇ ਘੱਗਰ ਪ੍ਰਭਾਵਿਤ ਇਲਾਕੇ ’ਚੋਂ ਗੁਜਰਦਾ ਹੈ ਪਰ ਇਸ ਦੇ ਘੱਗਰ ਦਰਿਆ ਤੋਂ ਸ਼ੁਤਰਾਣਾ ਵਾਲੇ ਪਾਸੇ ਆਉਂਦੇ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਪੂਰਾ ਪ੍ਰਬੰਧ ਨਾ ਹੁੰਦਾ ਵੇਖ ਕੇ ਮਾਰਗ ਦੇ ਨਿਰਮਾਣ ਦਾ ਵਿਰੋਧ ਕਰਨਾ ਪਿਆ।
ਮੌਕੇ ’ਤੇ ਮੌਜੂਦ ਸਾਬਕਾ ਸਰਪੰਚ ਭੁਪਿੰਦਰ ਸਿੰਘ ਰਸੋਲੀ, ਹਰਪਾਲ ਸਿੰਘ ਵੜੈਚ, ਅੰਮ੍ਰਿਤਪਾਲ ਸਿੰਘ ਤੇ ਹਰਭਜਨ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸੜਕ ਨੂੰ ਪਿੱਲਰਾਂ ’ਤੇ ਬਣਾਉਣ ਦੀ ਹੈ। ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਕੰਪਨੀ ਹੋਰ ਪੁਲ ਬਣਾਉਂਦੀ ਹੈ ਤਾਂ ਉਹ ਸਹਿਮਤ ਹੋ ਸਕਦੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੰਪਨੀ ਨੇ ਕਿਸੇ ਕਿਸਮ ਦਾ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।