ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਅਪਰੈਲ
ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਐਲਾਨਣ ਤੋਂ ਬਾਅਦ ਹੁਣ ਸਪਸ਼ਟ ਹੋ ਗਿਆ ਹੈ ਕਿ ਪਟਿਆਲਾ ਵਿੱਚ ਚਹੁਕੋਨਾ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਵਿਚ ਪ੍ਰਨੀਤ ਕੌਰ ਭਾਜਪਾ, ਡਾ. ਧਰਮਵੀਰ ਗਾਂਧੀ ਕਾਂਗਰਸ, ਡਾ. ਬਲਬੀਰ ਸਿੰਘ ‘ਆਪ’ ਅਤੇ ਐਨਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਆ ਗਏ ਹਨ। ਬਸਪਾ ਦੇ ਜਗਜੀਤ ਸਿੰਘ ਛੜਬੜ ਤੇ ਅਕਾਲੀ ਦਲ (ਅ) ਤੋਂ ਪ੍ਰੋ. ਮਹਿੰਦਰਪਾਲ ਸਿੰਘ ਵੀ ਚੋਣ ਮੈਦਾਨ ਵਿਚ ਹਨ। ਇਸ ਚੋਣ ਮੈਦਾਨ ਵਿਚ ਦਿਲਚਸਪ ਗੱਲ ਇਹ ਵੀ ਹੈ ਕਿ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਤੇ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਕਦੇ ਆਪਸ ਵਿੱਚ ਪੱਕੇ ਦੋਸਤ ਰਹੇ ਹਨ। ਡਾ. ਧਰਮਵੀਰ ਗਾਂਧੀ ਨੂੰ ਆਸ ਹੈ ਕਿ ਉਨ੍ਹਾਂ ਦੀ ਆਪਣੀ ਆਜ਼ਾਦ ਉਮੀਦਵਾਰ ਵੇਲੇ ਮਿਲੀ ਪੱਕੀ ਵੋਟ ਤੇ ਕਾਂਗਰਸ ਦੀ ਵੋਟ ਹਾਸਲ ਹੋਵੇਗੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ 2022 ਵਿਚ ਵਿਧਾਨ ਸਭਾ ਚੋਣਾਂ ਵਿਚ ਪਈਆਂ ਵੋਟਾਂ ਮਿਲਣ ਦੀ ਆਸ ਲਗਾਈ ਬੈਠੇ ਹਨ। ਇਨ੍ਹਾਂ ਨੂੰ ਆਸ ਹੈ ਕਿ ਬਿਜਲੀ ਦੇ ਆ ਰਹੇ ਜ਼ੀਰੋ ਬਿੱਲ ਉਸ ਦੀ ਕਿਸ਼ਤੀ ਪਾਰ ਲੰਘਾਉਣਗੇ ਪਰ ਅੰਦਰੂਨੀ ਵਿਰੋਧ ਕਰਕੇ ਲੋਕਾਂ ਵਿਚ ਡਾ. ਬਲਬੀਰ ਸਿੰਘ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਪਵੇਗੀ। ਆਪ ਉਮੀਦਵਾਰ ਡਾ. ਬਲਬੀਰ ਸਿੰਘ ਤੇ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੋਵੇਂ ਦੋਸਤ ਹੁਣ ਸਿੱਧੇ ਤੌਰ ’ਤੇ ਨਿੱਜੀ ਇਲਜ਼ਾਮ ਤਾਂ ਇਕ ਦੂਜੇ ’ਤੇ ਨਹੀਂ ਲਗਾ ਰਹੇ ਪਰ ਉਂਜ ਪਾਰਟੀਆਂ ਦੀ ਵਿਰੋਧਤਾ ਕਰਕੇ ਨਜ਼ਰ ਆ ਰਹੇ ਹਨ। ਇਸ ਕਰਕੇ ਮੁਕਾਬਲਾ ਦਿਲਚਸਪ ਹੋਵੇਗਾ।